ਗਲੂਸੈਸਟਰ/ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )- ਭਾਰਤੀ ਮੂਲ ਦੇ ਇਮਾਮ ਅਬਦੁੱਲਾ ਪਟੇਲ ਵੱਲੋਂ ਬੀਬੀਸੀ ਦੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸੁਆਲਾਂ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਮਾਮ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਸੁਆਲ-ਜੁਆਬ ਕਰਨ ਲਈ ਉਚੇਚੇ ਤੌਰ ’ਤੇ ਚੁਣਿਆ ਗਿਆ ਸੀ। ਉਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਸਭ ਤੋਂ ਮੂਹਰੇ ਚਲ ਰਹੇ ਬੋਰਿਸ ਜੌਹਨਸਨ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਹੋਰ ਬਾਕੀ ਉਮੀਦਵਾਰਾਂ ਨੂੰ ਬ੍ਰਿਟੇਨ ’ਚ ਇਸਲਾਮ ਦੇ ਵਧਦੇ ਖ਼ੌਫ਼ ਨਾਲ ਨਜਿੱਠਣ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਜਾਨਣਾ ਚਾਹਿਆ ਸੀ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਬੁਰਕੇ ਵਾਲੀ ਮੁਸਲਮਾਨ ਮਹਿਲਾ ਦੇ ‘ਲੈਟਰ ਬਾਕਸ’ ਅਤੇ ‘ਬੈਂਕ ਡਕੈਤਾਂ’ ਵਾਂਗ ਲੱਗਣ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਮੰਗ ਲਈ ਸੀ ਜਦਕਿ ਪਾਕਿਸਤਾਨੀ ਮੂਲ ਦੇ ਮੰਤਰੀ ਸਾਜਿਦ ਜਾਵੇਦ ਨੇ ਸਾਰੇ ਸਾਥੀ ਉਮੀਦਵਾਰਾਂ ਨੂੰ ਕਿਹਾ ਕਿ ਉਹ ਟੋਰੀ ਪਾਰਟੀ ’ਚ ਇਸਲਾਮ ਦੇ ਵਧਦੇ ਖ਼ੌਫ਼ ਦੇ ਮੁੱਦੇ ’ਤੇ ਆਪਣੇ ਅੰਦਰ ਝਾਤੀ ਮਾਰਨ। ਬੁੱਧਵਾਰ ਨੂੰ ਬਹਿਸ ਦਾ ਵਿਸ਼ਾ ਹੀ ਬਦਲ ਗਿਆ ਅਤੇ ਇਹ ਇਮਾਮ ਵਿਰੋਧੀ ਹੋ ਗਿਆ। ਟਵਿੱਟਰ ’ਤੇ ਉਸ ਵੱਲੋਂ ਬੀਤੇ ’ਚ ਪਾਏ ਗਏ ਮੈਸੇਜ ਵਿਵਾਦ ਦਾ ਕਾਰਨ ਬਣ ਗਏ। ਉਸ ਨੇ ਯਹੂਦੀ ਭਾਈਚਾਰੇ ਵਿਰੋਧੀ ਬਿਆਨ ਦਿੱਤੇ ਸਨ। ਇਕ ਟਵੀਟ ’ਚ ਉਸ ਨੇ ਅਮਰੀਕਾ ਦਾ ਨਕਸ਼ਾ ਦਿਖਾ ਕੇ ਸੁਝਾਅ ਦਿੱਤਾ ਸੀ ਕਿ ਇਜ਼ਰਾਈਲ ਨੂੰ ਮੱਧ ਪੂਰਬ ’ਚੋਂ ਉੱਤਰੀ ਅਮਰੀਕਾ ’ਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਜ਼ਰਾਈਲ-ਫਲਸਤੀਨ ਸੰਘਰਸ਼ ਦਾ ਅੰਤ ਹੋ ਸਕੇ। ਵਿਵਾਦ ਦੌਰਾਨ ਪਟੇਲ ਨੂੰ ਗਲੂਸੈਸਟਰ ਦੇ ਲੜਕੀਆਂ ਦੇ ਸਕੂਲ ’ਚੋਂ ਡਿਪਟੀ ਹੈੱਡ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਉਂਜ ਪਟੇਲ ਨੇ ਕਿਹਾ ਹੈ ਕਿ ਟਵਿੱਟਰ ’ਤੇ ਬਿਆਨ ਯਹੂਦੀਆਂ ਖ਼ਿਲਾਫ਼ ਨਹੀਂ ਸਨ ਸਗੋਂ ਇਜ਼ਰਾਈਲ ਦੀ ਨੀਤੀ ਵਲ ਸੇਧਤ ਸਨ।