ਲੰਡਨ, 15 ਜਨਵਰੀ (ਖਹਿਰਾ) ਪੰਜਾਬੀ ਮੂਲ ਦੇ ਨੌਜਵਾਨ ਪਵਨਦੀਪ ਦੌਧਰ ਦੀ ਹੱਤਿਆ ਮਾਮਲੇ 'ਚ ਤਿੰਨ ਲੋਕਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਹਮਲਾਵਰ ਗੈਂਗ ਦੇ ਤਿੰਨ ਮੈਂਬਰ ਜੇਸਨ ਕੌਰਨਵਾਲ, ਰਿਲੇ ਕਵਾਨਾਗ ਅਤੇ ਕੇਨ ਮੈਕਕਾਰਨ ਨੂੰ ਸਜ਼ਾ ਸੁਣਾਉਂਦਿਆਂ ਜੱਜ ਨੇ ਇਸ ਨੂੰ ਮੂਰਖਤਾਪੂਰਨ ਅਪਰਾਧ ਕਿਹਾ | ਅਦਾਲਤ 'ਚ ਦੱਸਿਆ ਗਿਆ ਕਿ ਹਮਲਾਵਰਾਂ ਨੇ ਇਕ ਪੈਟਰੋਲ ਸਟੇਸ਼ਨ 'ਤੇ ਹਮਲਾ ਕਰ ਕੇ 19 ਸਾਲਾ ਪਵਨਦੀਪ ਦੀ ਹੱਤਿਆ ਕਰ ਦਿੱਤੀ ਸੀ | 31 ਮਾਰਚ 2020 ਨੂੰ ਕਵੈਂਟਰੀ ਦੇ ਲੁੱਕਹਰਸਟ ਲੇਨ, ਹੌਲਬਰੁੱਕ ਸਥਿਤ ਬੀ.ਪੀ. ਪੈਟਰੋਲ ਸਟੇਸ਼ਨ 'ਤੇ ਬੇਸਬਾਲ, ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ 5 ਹਮਲਾਵਰਾਂ ਦੇ ਗ੍ਰੋਹ ਨੇ ਪਵਨਦੀਪ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ | ਖੂਨ ਜਿਆਦਾ ਵਹਿਣ ਕਾਰਨ ਉਸ ਦੀ ਮੌਤ ਹੋ ਗਈ | ਜੱਜ ਸਿਲਵੀਆ ਡੀ ਬਰਟੋਡਾਨੋ ਨੇ ਵਾਰਵਿਕ ਕ੍ਰਾਊਨ ਕੋਰਟ 'ਚ ਦੋਸ਼ੀ ਜੇਸਨ ਕੌਰਨਵਾਲ (35) ਵਾਸੀ ਅਰੁੰਡੇਲ ਰੋਡ ਚੈਲੇਸਮੋਰ ਨੂੰ ਕਤਲ ਦੇ ਦੋਸ਼ 'ਚ 11 ਸਾਲ ਅਤੇ ਲੁੱਟ ਦੇ ਦੋਸ਼ 'ਚ ਚਾਰ ਸਾਲ ਦੀ ਕੈਦ, ਡ੍ਰੇਕ ਸਟ੍ਰੀਟ, ਫੋਲੇਸ਼ਿਲ ਵਾਸੀ 21 ਸਾਲਾ ਰਿਲੇ ਕਵਨਾਗ ਨੌਂ ਸਾਲ ਕੈਦ, ਪੋਰਟਸੀ ਕਲੋਜ਼ ਚੀਲੇਸਮੋਰ ਵਾਸੀ 19 ਸਾਲਾ ਕੇਨ ਮੈਕਕਾਰਨ ਨੂੰ 7 ਸਾਲ ਅਤੇ ਲੁੱਟ ਖੋਹ ਲਈ ਤਿੰਨਸਾਲ ਦੀ ਸਜ਼ਾ ਸੁਣਾਈ ਗਈ | ਮੈਕਕਾਰਨ ਜਿਸ ਨੂੰ ਇੱਕ ਖਤਰਨਾਕ ਅਪਰਾਧੀ ਵੀ ਮੰਨਿਆ ਕਿਉਂਕਿ ਉਹ ਪਹਿਲਾਂ ਹੀ ਇਕ ਹੋਰ ਹਿੰਸਕ ਘਟਨਾ ਲਈ ਕੈਦ ਦੀ ਸਜ਼ਾ ਭੁਗਤ ਰਿਹਾ ਸੀ, ਨੂੰ ਇਕ ਹੋਰ ਗੈਰ-ਸੰਬੰਧਿਤ ਅਪਰਾਧ ਲਈ 16 ਮਹੀਨੇ ਦੀ ਸਮਕਾਲੀ ਸਜ਼ਾ ਸੁਣਾਈ ਗਈ | 24 ਸਾਲਾ ਲੀਲੀ ਵਾਸੀ ਕਵੀਨ ਇਜ਼ਾਬੇਲਜ਼ ਐਵੇਨਿਊ ਚੈਲੇਸਮੋਰ ਨੂੰ ਕਤਲ ਅਤੇ ਡਕੈਤੀ ਲਈ ਬਾਅਦ 'ਚ ਸਜ਼ਾ ਸੁਣਾਈ ਜਾਵੇਗੀ | 20 ਸਾਲਾ ਲੂਕਾਸ ਹਚਿਨਸਨ ਅਤੇ ਇਕ ਹੋਰ 20 ਸਾਲਾ ਨੂੰ ਵੀ ਸਜ਼ਾ ਸੁਣਾਈ ਗਈ, ਜਿਸ ਦਾ ਕਾਨੂੰਨੀ ਕਾਰਨਾਂ ਕਰ ਕੇ ਨਾਮ ਜਨਤਕ ਨਹੀਂ ਕੀਤਾ ਗਿਆ | ਉਸ 'ਤੇ ਕਾਰ ਨੂੰ ਅੱਗ ਲਗਾ ਕੇ ਸਬੂਤ ਮਿਟਾਉਣ ਲਈ ਦੋਸ਼ੀਆਂ ਦੀ ਮਦਦ ਦੇ ਦੋਸ਼ ਹਨ | ਸਟ੍ਰੈਥਮੋਰ ਐਵੇਨਿਊ, ਲੋਅਰ ਸਟੋਕ ਦੇ ਵਾਸੀ ਹਚਿਨਸਨ ਨੂੰ ਤਿੰਨ ਸਾਲ ਕੈਦ, ਜਦੋਂ ਕਿ ਦੂਜੇ 20 ਸਾਲਾ ਨੂੰ ਇਕ ਅਪਰਾਧੀ ਦੀ ਸਹਾਇਤਾ ਕਰਨ ਲਈ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇਸ ਤੋਂ ਇਲਾਵਾ ਇਕ ਗੈਰ-ਸੰਬੰਧਿਤ ਹਥਿਆਰਾਂ ਦੇ ਜੁਰਮ ਲਈ ਪੰਜ ਸਾਲ ਦੀ ਸਜ਼ਾ ਸੁਣਾਈ ਗਈ |