You are here

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨਿਆਂ ਦੇ 15ਵੇਂ ਦਿਨ ਅਧਿਕਾਰੀਆਂ ਦੇ ਘਿਰਾਓ ਮੁਲਤਵੀ ਪਰ ਧਰਨੇ ਜਾਰੀ

 5 ਜਨਵਰੀ ਪੰਜਾਬ ਭਰ 'ਚ ਨਰਿੰਦਰ ਮੋਦੀ ਦੇ ਵੱਡ ਆਕਾਰੀ ਪੁਤਲੇ ਫੂਕੇ ਜਾਣਗੇ  
 ਚੰਡੀਗੜ੍ਹ 4 ਜਨਵਰੀ ( ਗੁਰਸੇਵਕ ਸਿੰਘ  ਸੋਹੀ ) ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਖਦੇ ਕਿਸਾਨ ਮਸਲਿਆਂ ਸੰਬੰਧੀ ਲਗਾਤਾਰ ਟਾਲਮਟੋਲ ਵਾਲੀ ਕਿਸਾਨ ਵਿਰੋਧੀ ਨੀਤੀ ਵਿਰੁੱਧ ਰੋਸ ਵਜੋਂ 15 ਜ਼ਿਲ੍ਹਿਆਂ ਵਿੱਚ 12 ਡੀ ਸੀ ਅਤੇ 4 ਐੱਸ ਡੀ ਐੱਮ ਦਫ਼ਤਰਾਂ ਦੇ ਘਿਰਾਓ ਅੱਜ ਮੁਲਤਵੀ ਕਰ ਦਿੱਤੇ ਗਏ ਪਰ ਦਿਨ ਰਾਤ ਦੇ ਧਰਨੇ ਅੱਜ 16ਵੇਂ ਦਿਨ ਵੀ ਜਾਰੀ ਰਹੇ। ਇੱਥੋਂ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 7 ਜਨਵਰੀ ਨੂੰ ਰੱਖੀ ਗਈ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਹੁੰਗਾਰੇ ਨੂੰ ਮੁੱਖ ਰੱਖਦਿਆਂ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਾ ਫ਼ੈਸਲਾ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ। 
      ਉਨ੍ਹਾਂ ਕਿਹਾ ਕਿ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਪਰਸੋਂ ਤੋਂ ਸ਼ੁਰੂ ਕੀਤੇ ਗਏ ਪਿੰਡ ਪਿੰਡ ਅਰਥੀ ਫੂਕ ਮੁਜ਼ਾਹਰੇ ਅੱਜ ਵੀ ਸੈਂਕੜੇ ਪਿੰਡਾਂ ਵਿੱਚ ਜਾਰੀ ਰਹੇ, ਜਿਨ੍ਹਾਂ ਵਿੱਚ ਔਰਤਾਂ ਨੌਜਵਾਨਾਂ ਸਣੇ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਪ੍ਰਵਾਰਾਂ ਸਮੇਤ ਸ਼ਾਮਲ ਹੋਏ। ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਬੁਲਾਰਿਆਂ ਵੱਲੋਂ ਅਜੇ ਮਿਸ਼ਰਾ ਟੈਣੀ ਸਮੇਤ ਲਖੀਮਪੁਰ ਖੀਰੀ ਕਾਂਡ ਦੇ ਸਾਰੇ ਦੋਸ਼ੀਆਂ ਵਿਰੁੱਧ ਕ਼ਤਲ ਕੇਸ ਦਰਜ ਕਰਨ, ਐੱਮ ਐੱਸ ਪੀ 'ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ, ਦਿੱਲੀ ਚੰਡੀਗੜ੍ਹ ਸਮੇਤ ਸਾਰੇ ਰਾਜਾਂ ਵਿੱਚ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ ਦੇ ਲਿਖਤੀ ਵਾਅਦੇ ਲਾਗੂ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਗੈਰਸਰਕਾਰੀ ਸਮੁੱਚੇ ਕਰਜ਼ੇ ਖ਼ਤਮ ਕਰਨ ਵਰਗੀਆਂ ਮੰਗਾਂ ਮੰਨਣ ਉੱਤੇ ਜ਼ੋਰ ਦਿੱਤਾ ਗਿਆ। ਕਿਉਂਕਿ ਇਨ੍ਹਾਂ ਮੰਗਾਂ ਬਾਰੇ ਮੋਦੀ ਸਰਕਾਰ ਨੇ ਮੁਜਰਮਾਨਾ ਚੁੱਪ ਧਾਰ ਰੱਖੀ ਹੈ। ਇਸ ਲਈ ਭਲਕੇ ਮੋਦੀ ਦੀ ਪੰਜਾਬ ਫੇਰੀ ਮੌਕੇ ਸਾਰੇ ਧਰਨਿਆਂ ਵਿੱਚ ਵੱਡੇ ਇਕੱਠ ਕਰਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਮੋਦੀ ਦੇ ਵੱਡ ਆਕਾਰੀ ਪੁਤਲੇ ਫੂਕੇ ਜਾਣਗੇ। ਇਸ ਮੌਕੇ 'ਕਾਰਪੋਰੇਟਾਂ ਦੇ ਸੇਵਕ ਮੋਦੀ:ਵਾਪਸ ਜਾਓ' ਸਿਰਲੇਖ ਵਾਲ਼ਾ ਛਪਿਆ ਹੋਇਆ ਹੱਥ ਪਰਚਾ ਇੱਕ ਲੱਖ ਦੀ ਗਿਣਤੀ ਵਿੱਚ ਲੋਕਾਂ ਨੂੰ ਵੰਡਿਆ ਜਾਵੇਗਾ।
       ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਕੌਰ ਬਰਾਸ ਅਤੇ ਕੁਲਦੀਪ ਕੌਰ ਕੁੱਸਾ ਸਮੇਤ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰੇ ਸੈਂਕੜੇ ਆਗੂ ਸ਼ਾਮਲ ਸਨ।
           ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨਾ ਸਿਰਫ਼ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ ਤੇ ਕਾਨੂੰਨਾਂ ਨੂੰ ਮੁੜ ਲਿਆਉਣ ਦੇ ਮਨਸੂਬੇ ਪਾਲ਼ ਰਹੀ ਹੈ ਸਗੋਂ  ਦੇਸ਼ ਦੇ ਸਭਨਾਂ ਜਨਤਕ ਸਾਧਨਾਂ ਤੇ ਕੁਦਰਤੀ ਸੋਮਿਆਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਹਵਾਲੇ ਕਰਨ ਦੇ ਰਾਹ ਤੁਰੀ ਹੋਈ ਹੈ। ਪੰਜਾਬ ਫੇਰੀ ਮੌਕੇ ਨਰਿੰਦਰ ਮੋਦੀ ਜੁਮਲਿਆਂ ਰਾਹੀਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਦੰਭ ਕਰਨ ਜਾ ਰਿਹਾ ਹੈ। ਜਦੋਂ ਕਿ ਐੱਮ ਐੱਸ ਪੀ, ਜਾਨਲੇਵਾ ਕਿਸਾਨੀ ਕਰਜ਼ਿਆਂ, ਜਨਤਕ ਵੰਡ ਪ੍ਰਣਾਲੀ, ਲੱਕ ਤੋੜੂ ਤੇਲ ਕੀਮਤਾਂ ਤੇ ਆਮ ਮਹਿੰਗਾਈ, ਜਨਤਕ ਅਦਾਰੇ ਵੇਚਣ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕਰਨ ਵਰਗੇ ਲੋਕ ਮੁੱਦਿਆਂ 'ਤੇ ਇਹ ਸਰਕਾਰ ਪੂਰੀ ਤਰ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਸੇਵਾ 'ਚ ਡਟੀ ਖੜ੍ਹੀ ਹੈ। 
     ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਭਲਕੇ 5 ਜਨਵਰੀ ਦੇ ਰੋਸ ਪ੍ਰਦਰਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
        ਜਾਰੀ ਕਰਤਾ:- ਸੁਖਦੇਵ ਸਿੰਘ ਕੋਕਰੀ ਕਲਾਂ