You are here

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਚ

ਸੰਗਰੂਰ 2 ਜਨਵਰੀ ( ਗੁਰਸੇਵਕ ਸਿੰਘ ਸੋਹੀ  ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਅੱਜ ਵੀ ਜਾਰੀ ਰਿਹਾ। ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਚੰਨੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਮੁੱਖ ਮੰਗਾ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ 'ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਅਤੇ ਮੁਆਵਜ਼ੇ ਦਾ 10 % ਮਜ਼ਦੂਰਾਂ ਨੂੰ ਦੇਣਾ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਤੁਰੰਤ ਦੇਣੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨਾ ਅਤੇ ਅੰਦੋਲਨਕਾਰੀ ਕਿਸਾਨਾਂ 'ਤੇ ਪਾਏ ਪਰਚੇ ਰੱਦ ਕਰਨਾ, ਟੋਲ ਪਲਾਜ਼ਾ ਦੇ ਵਧੇ ਹੋਏ ਰੇਟ ਵਾਪਸ ਲੈਣਾ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦਾ ਬਕਾਇਆ ਦੇਣਾ ਅਤੇ ਬਹਾਲ ਕਰਨਾ, ਘਰ ਘਰ ਰੁਜ਼ਗਾਰ ਦੇਣਾ, ਨਸ਼ਾ ਮਾਫੀਆ ਸਮੇਤ ਸਭ ਤਰ੍ਹਾਂ ਦਾ ਮਾਫੀਆ ਖ਼ਤਮ ਕਰਨਾ, ਜਨਤਕ ਅਦਾਰੇ ਵੇਚਣੇ ਬੰਦ ਕਰਨੇ। ਚੌਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਜੋ ਫ਼ਸਲ ਮੀਂਹ ਅਤੇ ਗੜੇਮਾਰੀ ਨਾਲ ਤਬਾਹ ਹੋਈ ਉਸ ਦੀ ਪੂਰੀ ਰਿਪੋਰਟ ਅਜੇ ਤੱਕ ਡੀਸੀ ਦਫ਼ਤਰਾਂ ਤੱਕ ਪਹੁੰਚਦੀ ਨਹੀਂ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਹਨ। ਪੰਜਾਬ ਦੀ ਧਰਤੀ 'ਤੇ ਮੋਦੀ ਦਾ ਵਿਰੋਧ ਜ਼ਿਲ੍ਹਾ ਪੱਧਰਾ 'ਤੇ ਵੱਡੇ ਇਕੱਠ ਕਰਕੇ ਕੀਤਾ ਜਾਵੇਗਾ। 2 ਅਤੇ 3 ਜਨਵਰੀ ਨੂੰ ਪੂਰੇ ਪੰਜਾਬ ਦੇ ਹਰਇੱਕ ਪਿੰਡ 'ਚ ਮੋਦੀ ਹਕੂਮਤ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਸਮੇਂ ਕਿਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਬਲਵੀਰ ਸਿੰਘ ਕੋਹਰੀਆ, ਬੰਟੀ ਢੀਂਡਸਾ, ਜਸਵੀਰ ਕੌਰ ਮਹਿਲਕਲਾਂ, ਬਲਜੀਤ ਕੌਰ ਖਡਿਆਲ, ਦਰਸ਼ਨ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਹੱਥੋਆ, ਜੋਗਿੰਦਰ ਸਿੰਘ ਖੇੜੀ ਨਾਗਾ, ਰਣਜੀਤ ਸਿੰਘ ਲੌਂਗੋਵਾਲ, ਅਜੈਬ ਸਿੰਘ ਲੱਖੇਵਾਲ, ਮਹਿੰਦਰ ਸਿੰਘ ਨਮੋਲ, ਸ਼ੇਰ ਸਿੰਘ ਮਹੋਲੀ ਅਤੇ ਨਿਰਮਲ ਸਿੰਘ ਆਦਿ ਆਗੂ ਹਾਜ਼ਰ ਸਨ। 
ਜਾਰੀ ਕਰਤਾ : - ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ