ਅੰਮ੍ਰਿਤਸਰ 27 ਦਸੰਬਰ- ( ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਅੱਜ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੰਮਿ੍ਤਸਰ ਵਿਖੇ ਸਿਹਤ ਮੰਤਰੀ ਓ ਪੀ ਸੋਨੀ ਦੀ ਕੋਠੀ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਡਾ ਮਹਿੰਦਰ ਸਿੰਘ ਅਜਨਾਲਾ ਅਤੇ ਡਾ ਸਤਨਾਮ ਸਿੰਘ ਦਿਉ ਅੰਮਿ੍ਤਸਰ ਨੇ ਕਿਹਾ ਕਿ 2017 ਵਿੱਚ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਦੋਂ ਸਾਡੇ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਤੇ ਲਿਖਤੀ ਵਾਅਦਾ ਕੀਤਾ ਸੀ, ਪਰ ਅੱਜ ਪੰਜ ਸਾਲ ਬੀਤਣ ਤੇ ਵੀ ਸਾਡਾ ਮਸਲਾ ਹੱਲ ਨਹੀਂ ਕੀਤਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਤੇ ਸਿਹਤ ਮੰਤਰੀ ਓ ਪੀ ਸੋਨੀ ਨੂੰ ਮਿਲ ਕੇ ਪਹਿਲਾਂ ਵੀ ਮੰਗ ਪੱਤਰ ਵੀ ਦੇ ਚੁੱਕੇ ਹਾਂ। ਉਨ੍ਹਾਂ ਨੇ ਵੀ ਸਾਡੀ ਗੱਲ ਸੁਣ ਕੇ ਅਣਗੌਲਿਆਂ ਕਰ ਦਿੱਤਾ ਅਤੇ ਉਨ੍ਹਾਂ ਨੇ ਸਾਡੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਨੂੰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਇਹ ਪ੍ਰੋਗਰਾਮ ਉਲੀਕਣਾ ਪਿਆ।
ਸੂਬਾ ਕਮੇਟੀ ਮੈਂਬਰ ਡਾ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਵਸਦੇ ਸਾਡੇ ਡਾਕਟਰ ਸਹਿਬਾਨਾਂ ਨੂੰ ,ਜਿਨ੍ਹਾਂ ਦੀ ਗਿਣਤੀ ਸਵਾ ਲੱਖ ਦੇ ਕਰੀਬ ਹੈ, ਪੰਜਾਬ ਦੇ 80% ਲੋਕਾਂ ਨੂੰ ਸਸਤੀਆਂ ਤੇ ਮੁਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇl ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਸਰਕਾਰ ਕੰਮ ਕਰਨ ਦੀ ਮਾਨਤਾ ਦੇਵੇ।ਬਿਹਾਰ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਦੀ ਤਰਜ਼ ਤੇ ਰੀਫ਼ਰੈਸ਼ਰ ਕੋਰਸ ਸ਼ੁਰੂ ਕੀਤੇ ਜਾਣ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਬਲਵਿੰਦਰ ਸਿੰਘ, ਡਾ ਜਸਬੀਰ ਸਿੰਘ, ਡਾ ਦਿਲਬਾਗ ਸਿੰਘ, ਡਾ ਗੁਰਿੰਦਰ ਸਿੰਘ, ਡਾ ਹਰਪ੍ਰਤਾਪ ਸਿੰਘ, ਡਾ ਸਵਰਨਜੀਤ ਸਿੰਘ, ਡਾ ਸਰਬਜੀਤ ਸਿੰਘ, ਡਾ ਅੰਮ੍ਰਿਤਪਾਲ ਸਿੰਘ, ਡਾ ਹਰਵਿੰਦਰ ਸਿੰਘ ਰਾਜਾਸਾਂਸੀ, ਡਾ ਕਿਰਪਾਲ ਸਿੰਘ ਰਾਜਾਸਾਂਸੀ ,ਡਾ ਵੇਦ ਪ੍ਰਕਾਸ਼, ਡਾ ਬਰਿੰਦਰ ਸਿੰਘ, ਡਾ ਸ਼ਾਮ ਲਾਲ ,ਡਾ ਅਸ਼ਵਨੀ ਕੁਮਾਰ, ਡਾ ਬਿਕਰਮਜੀਤ ਸਿੰਘ, ਡਾ ਮੋਨੀ ਜੀ, ਡਾ ਤਰਸੇਮ ਸਿੰਘ, ਡਾ ਗੁਰਸੇਵਕ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਡਾ ਸਾਹਿਬਾਨ ਹਾਜ਼ਰ ਸਨ।