ਮਹਿਲ ਕਲਾਂ /ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ )- ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਦਿੱਲੀ ਦੇ ਵੱਖ ਵੱਖ ਬਾਡਰਾ ਤੇ ਲੱਗੇ ਹੋਏ ਧਰਨੇ ਖ਼ਤਮ ਕਰ ਦਿੱਤੇ ਗਏ ਹਨ ,ਉਥੇ ਮਹਿਲ ਕਲਾਂ ਦੇ ਟੋਲ ਪਲਾਜ਼ਾ ਤੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਉਸੇ ਤਰ੍ਹਾਂ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਸੰਯੁਕਤ ਕਿਸਾਨ ਮੋਰਚਾ ਪੰਦਰਾਂ ਦਸੰਬਰ ਨੂੰ ਸਾਰੇ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਚੁੱਕਾ ਸੀ ਪਰ ਟੋਲ ਪਲਾਜਾ ਵਲੋਂ ਪਿਛਲੇ ਦਿਨੀਂ ਵਧਾਏ ਗਏ ਟੋਲ ਦੇ ਰੇਟਾਂ ਨੂੰ ਲੈ ਕੇ ਕਿਸਾਨਾਂ ਤੇ ਆਮ ਲੋਕਾਂ ਚ ਫਿਰ ਰੋਸ ਪਾਇਆ ਜਾ ਰਿਹਾ ਸੀ,ਜਿਸ ਕਰ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ ਨੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਟੋਲ ਪਲਾਜ਼ਾ ਮਹਿਲ ਕਲਾਂ ਉਸੇ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਸੁਣਾ ਦਿੱਤਾ।ਅੱਜ ਭਾਵੇਂ ਕਿ ਰਿਲਾਇੰਸ ਪੰਪ ਸੰਘੇੜਾ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਇਆ ਹੋਇਆ ਪੱਕਾ ਮੋਰਚਾ ਉਠਾ ਦਿੱਤਾ ਗਿਆ ਹੈ ।ਪਰ ਟੋਲ ਪਲਾਜ਼ਾ ਮਹਿਲ ਕਲਾਂ ਤੇ ਲੱਗਿਆ ਪੱਕਾ ਮੋਰਚਾ ਉਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ,ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,ਮਲਕੀਤ ਸਿੰਘ ਈਨਾ,ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਕੁਲਵੰਤ ਰਾਏ ਪੰਡੋਰੀ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਦੇ ਸੂਬਾਈ ਪ੍ਰੈੱਸ ਸਕੱਤਰ ਡਾ ਮਿੱਠੂ ਮੁਹੰਮਦ,ਮਾਸਟਰ ਗੁਰਮੇਲ ਸਿੰਘ ਠੁੱਲੀਵਾਲ,ਮਾਸਟਰ ਪਸ਼ੌਰਾ ਸਿੰਘ ਹਮੀਦੀ,ਸ਼ਮਸ਼ੇਰ ਸਿੰਘ ਹੁੰਦਲ ,ਸ਼ਿੰਗਾਰਾ ਸਿੰਘ ਛੀਨੀਵਾਲ ਨੇ ਕਿਹਾ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਬਦੌਲਤ ਇਹ ਇਤਿਹਾਸਕ ਜਿੱਤ ਹੋਈ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਹਰ ਵਰਗ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਹੋਰ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ,ਜਦੋਂ ਤਕ ਉਨ੍ਹਾਂ ਦਾ ਹੱਲ ਨਹੀਂ ਹੋ ਜਾਂਦਾ ਸੰਯੁਕਤ ਕਿਸਾਨ ਮੋਰਚਾ ਅਗਵਾਈ ਕਰਦਾ ਰਹੇਗਾ।ਉਨ੍ਹਾਂ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਬੂਲਣ ਅਤੇ ਵੋਟਾਂ ਬਟੋਰੂ ਟੋਲੇ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਬੁਲਾਰਿਆਂ ਨੇ ਲੋਕ ਤੰਤਰ ਦੇ ਚੌਥੇ ਥੰਮ ਕਹੇ ਜਾਣ ਵਾਲੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹੋਈ ਇਸ ਵੱਡੀ ਜਿੱਤ ਵਿੱਚ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜੋ ਕਿ ਸੰਘਰਸ਼ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਬਿਨਾਂ ਕਿਸੇ ਲਾਲਚ ਦੇ ਆਪਣੀਆਂ ਨਿਰਸਵਾਰਥ ਸੇਵਾਵਾਂ ਦੇ ਰਹੇ ਹਨ ।ਜਿਸ ਕਰਕੇ ਉਹ ਹਮੇਸ਼ਾ ਇਨ੍ਹਾਂ ਦੇ ਅਹਿਸਾਨਮੰਦ ਰਹਿਣਗੇ ਅਤੇ ਕਿਸਾਨੀ ਘੋਲ ਦੇ ਇਸ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣ ਵਾਲ਼ੇ ਇਤਿਹਾਸ ਦਾ ਹਿੱਸਾ ਪੱਤਰਕਾਰ ਭਾਈਚਾਰਾ ਵੀ ਬਣੇਗਾ। ਅਖੀਰ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਹਿਲ ਕਲਾਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ
ਇਸ ਮੌਕੇ ਮਹਿਲ ਕਲਾਂ ਟੋਲ ਪਲਾਜ਼ੇ ਤੇ ਸਹਿਯੋਗ ਕਰਨ ਲਈ ਪੱਤਰਕਾਰ ਭਾਈਚਾਰੇ ਅਤੇ ਪਹਿਲੇ ਦਿਨ ਤੋਂ ਸੰਘਰਸ਼ ਵਿੱਚ ਜੁਟੇ ਬਜ਼ੁਰਗ ਮੇਜਰ ਸਿੰਘ ਛੀਨੀਵਾਲ ਕਲਾਂ ਦਾ ਸਨਮਾਨ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਮਹਿਲਕਲਾਂ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਜਾਰੀ ਸੀ।