You are here

ਨਜ਼ਾਇਜ਼ ਹਿਰਾਸਤ 'ਚ ਰੱਖੀ ਪੀੜ੍ਹਤਾ ਦਾ ਹੋਇਆ ਅੰਤਮ ਸਸਕਾਰ 

ਭੋਗ ਤੱਕ ਸਾਰੇ ਜੱਥੇਬੰਦਕ ਅੈਕਸ਼ਨ ਮੁਲ਼ਤਵੀ

ਜਗਰਾਉਂ  ( ਜਸਮੇਲ ਗ਼ਾਲਿਬ ) ਨਜ਼ਾਇਜ਼ ਹਿਰਾਸਤ 'ਚ ਹੋਏ ਜੁਲ਼ਮਾਂ ਤੋਂ ਪੀੜ੍ਹਤ ਕੁਲਵੰਤ ਕੌਰ, ਜੋ ਪਰਸੋ ਦਮ ਤੋੜ ਗਈ ਸੀ, ਦਾ ਪਰਿਵਾਰ ਅਤੇ ਇਲਾਕੇ ਦੀ ਜਨਤਕ ਜੱਥੇਬੰਦੀਆਂ ਵਲੋਂ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਦਲਿਤ ਪਰਿਵਾਰ ਦੀ ਧੀ ਕੁਲਵੰਤ ਕੌਰ ਨੂੰ ਉਸ ਦੀ ਮਾਤਾ ਸਮੇਤ ਅਾਪੇ ਬਣੇ ਥਾਣਾਮੁਖੀ ਏ.ਅੈਸ.ਆਈ ਗੁਰਿੰਦਰ ਬੱਲ ਨੇ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਨ਼ਜ਼ਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤਾ ਸੀ ਅਤੇ ਕਰੰਟ ਲਗਾਇਆ ਸੀ। ਜੋ ਪਿਛਲੇ ਲੰਬੇ ਸਮੇਂ ਤੋਂ ਮੰਜੇ ਤੇ ਨਕਾਰਾ ਪਈ ਸੀ। ਪੀੜ੍ਹਤਾ ਤੇ ਕੀਤੇ ਜ਼ੁਲਮਾਂ ਨੂੰ ਛੁਪਾਉਣ ਲਈ ਹੀ ਗੁਰਿੰਦਰ ਬੱਲ਼ ਨੇ ਮ੍ਰਿਤਕਾ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਅਤੇ ਕਾਗਜ਼ਾਤ ਬਣਾ ਕੇ ਕਥਿਤ ਕਤਲ਼ ਦੇ ਕੇਸ ਵਿੱਚ ਫਸਾ ਦਿੱਤਾ ਸੀ। ਦਰਜ ਮੁਕੱਦਮੇ ਦਾ ਮੁੱਖ ਮੁਲਜ਼ਮ ਗੁਰਿੰਦਰ ਬੱਲ਼ ਅੱਜ ਕੱਲ਼ ਸੰਗਰੂਰ ਜਿਲ੍ਹੇ ਦੀ ਭਵਾਨੀਗੜ ਸਬ ਡਵੀਜ਼ਨ ਵਿਖੇ ਡੀ.ਅੈਸ.ਪੀ. ਲੱਗਾ ਹੋਇਆ ਹੈ। ਸਥਾਨਕ ਪੁਲਿਸ ਵਲੋ ਕਰੀਬ 16 ਸਾਲਾਂ ਬਾਦ ਅਤੇ ਪੀੜ੍ਹਤਾ ਦੀ ਮੌਤ ਉਪਰੰਤ ਜੱਥੇਬੰਦਕ ਦਬਾਅ ਅਧੀਨ ਡੀ.ਅੈਸ.ਪੀ. ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਗਵਾਹ ਬਣੇ ਸਰਪੰਚ ਹਰਜੀਤ ਸਿੰਘ ਤੇ ਪੰਚ ਧਿਆਨ ਸਿੰਘ ਖਿਲਾਫ਼ ਵੱਖ -ਵੱਖ ਧਰਾਵਾ ਅਧੀਨ ਥਾਣਾ ਸਿਟੀ ਵਿੱਚ ਬੀਤੇ ਕੱਲ਼ ਮੁਕੱਦਮਾ ਦਰਜ ਕਰ ਲਿਆ। ਸਸਕਾਰ ਤੋਂ ਬਾਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਆਗੂਆਂ ਤਰਲੋਚਨ ਸਿੰਘ, ਦਲੀਪ ਸਿੰਘ ਤੇ ਅਵਤਾਰ ਸਿੰਘ ਤਾਰੀ ਨੇ ਕਿਹਾ ਦੋਸ਼ੀਅਾਂ ਖਿਲਾਫ਼ ਪਰਚਾ ਦਰਜ ਕਰਨਾ ਇਨਸਾਫ਼ ਲੈਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੈ, ਜਦਕਿ ਚਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਅਦਾਲਤੀ ਕਾਰਵਾਈ ਕਰਵਾਉਣੀ ਜਰੂਰੀ ਹੈ। ਉਨ੍ਹਾਂ ਕਿਸੇ ਵੀ ਕਿਸਮ ਦੀ ਪੁਲਿਸੀਆ ਵਾਅਦਾ ਵਿਰੁੱਧ ਭੋਗ ਤੋਂ ਬਾਦ ਅਗਲੇ ਸੰਘਰਸ਼ ਦੀ ਰਣਨੀਤੀ ਤਹਿ ਕਰਨ ਦਾ ਅੈਲ਼ਾਨ ਵੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਪੀੜ੍ਹਤਾ ਦੇ ਭੋਗ ਤੱਕ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਮੇਂ ਸਾਬਕਾ ਵਿਧਾਇਕ ਅੈਸ.ਆਰ. ਕਲੇਰ, ਕੌੰਸਲ਼ਰ ਰਾਜੂ ਠੁਕਰਾਲ, ਜੱਥੇਦਾਰ ਦਲੀਪ ਸਿੰਘ ਚਕਰ, ਨਿਰਮਲ ਸਿੰਘ ਧਾਲੀਵਾਲ, ਬਹੁਜਨ ਆਗੂ ਮਾਸਟਰ ਰਛਪਾਲ ਸਿੰਘ ਸਮੇਤ ਨੇੜਲੇ ਰਿਸ਼ਤੇਦਾਰ-ਮਿੱਤਰ ਹਾਜ਼ਰ ਸਨ।