ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੀ ਕੀਤੀ ਜਾਂਚ, ਗੁਰਦੇ ਦੀ ਪੱਥਰੀ ਅਤੇ ਬਵਾਸੀਰ ਦੀ ਦਵਾਈ ਦਿੱਤੀ ਮੁਫ਼ਤ
ਮਹਿਲ ਕਲਾਂ/ ਬਰਨਾਲਾ- 6 ਦਸੰਬਰ- (ਗੁਰਸੇਵਕ ਸੋਹੀ ) ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਆਯੁਰਵੈਦਿਕ ਦਵਾਖਾਨਾ ਵੱਲੋਂ ਗੁਰਦੁਆਰਾ ਜੰਡਸਰ ਸਾਹਿਬ ਪ੍ਰਬੰਧਕ ਕਮੇਟੀ ਠੁੱਲੀਵਾਲ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਸ਼ਾ ਛੁਡਾਉਣ ਦੇ ਮਾਹਰ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਵੱਖ ਵੱਖ ਨਸ਼ਿਆਂ ਤੋਂ ਪੀੜਤ ਲੋਕਾਂ ਦੀ ਜਿਥੇ ਜਾਂਚ ਕੀਤੀ ਗਈ, ਉਥੇ ਉਨ੍ਹਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ ਪਰਮਿੰਦਰ ਸਿੰਘ ਹਮੀਦੀ ਨੇ ਦੱਸਿਆ ਕਿ ਪੰਜਾਬ ਚ ਗੰਧਲੇ ਹੋ ਚੁੱਕੇ ਵਾਤਾਵਰਨ ਕਾਰਨ ਜਿੱਥੇ ਅਨੇਕਾਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਉਥੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਚਿੱਟੇ ਨਾਲ ਹਰ ਰੋਜ਼ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ,ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਆਯੁਰਵੈਦਿਕ ਦਵਾਖਾਨਾ ਵੱਲੋਂ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਚੁੱਕਾ ਹੈ। ਨਸ਼ਿਆਂ ਦੀ ਗ੍ਰਿਫਤ ਚੋਂ ਬਾਹਰ ਆਏ ਨੌਜਵਾਨ ਅੱਜ ਸੁੱਖ ਭਰੀ ਜ਼ਿੰਦਗੀ ਜਿਉ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸ਼ਰਾਬ ਛਡਾਉਣ,ਗੁਰਦੇ ਦੀ ਪੱਥਰੀ,ਬਵਾਸੀਰ ਦੀ ਦਵਾਈ ਮੁਫਤ ਦਿੱਤੀ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਖਹਿੜਾ ਛੱਡ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਡਾ ਪਰਮਿੰਦਰ ਸਿੰਘ ਹਮੀਦੀ ਤੇ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਹੈਰੀ ਮਹਿਲ ਖੁਰਦ ,ਸੁਸਾਇਟੀ ਦੇ ਮੀਤ ਪ੍ਰਧਾਨ ਫ਼ਿਰੋਜ਼ ਖ਼ਾਨ,ਬਲਜਿੰਦਰ ਕੌਰ, ਗੁਰਦੀਸ਼ ਸਿੰਘ ਮੀਤ ਪ੍ਰਧਾਨ,ਸਕੱਤਰ ਮੇਜਰ ਸਿੰਘ,ਭੋਲਾ ਸਿੰਘ ,ਦਰਸ਼ਨ ਸਿੰਘ, ਗੁਰਜੀਤ ਸਿੰਘ, ਸੁਖਮਿੰਦਰ ਸਿੰਘ ਹਾਜਰ ਸਨ।