ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )- ਸਟਾਰ ਕ੍ਰਿਕਟਰ ਵਿਰਾਟ ਕੋਹਲੀ ਵਿਸ਼ਵ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਫੋਰਬਜ਼ ਸੂਚੀ ਵਿੱਚ ਸ਼ਾਮਲ ਇਕਲੌਤਾ ਭਾਰਤੀ ਹੈ ਅਤੇ ਉਸ ਦੀ ਕੁੱਲ ਸਾਲਾਨਾ ਕਮਾਈ ਦੋ ਕਰੋੜ 50 ਲੱਖ ਡਾਲਰ ਹੈ। ਭਾਰਤੀ ਕਪਤਾਨ ਹਾਲਾਂਕਿ ਇਸ ਸੂਚੀ ਵਿੱਚ 17 ਸਥਾਨ ਹੇਠਾਂ 100ਵੇਂ ਸਥਾਨ ’ਤੇ ਖਿਸਕ ਗਿਆ ਹੈ। ਇਸ ਸੂਚੀ ਵਿੱਚ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫੁਟਬਾਲ ਸਟਾਰ ਲਾਇਨਲ ਮੈਸੀ ਚੋਟੀ ’ਤੇ ਹੈ। ਉਸ ਦੀ ਤਨਖ਼ਾਹ ਅਤੇ ਇਸ਼ਤਿਹਾਰ ਤੋਂ ਕੁੱਲ ਕਮਾਈ 12.7 ਕਰੋੜ ਡਾਲਰ ਹੈ। ਮੈਸੀ ਮਗਰੋਂ ਪੁਰਤਗਾਲ ਦੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ, ਜਿਸ ਦੀ ਕੁੱਲ ਕਮਾਈ 10.9 ਕਰੋੜ ਡਾਲਰ ਹੈ। ਫੋਬਰਜ਼ ਦੀ ਮੰਗਲਵਾਰ ਨੂੰ ਜਾਰੀ ਸੂਚੀ ਅਨੁਸਾਰ ਕੋਹਲੀ ਨੂੰ ਇਸ਼ਤਿਹਾਰਾਂ ਤੋਂ 2.1 ਕਰੋੜ ਡਾਲਰ, ਜਦਕਿ ਤਨਖ਼ਾਹ ਅਤੇ ਜਿੱਤ ਤੋਂ ਮਿਲਣ ਵਾਲੀ ਰਕਮ 40 ਲੱਖ ਡਾਲਰ ਦੀ ਕਮਾਈ ਹੁੰਦੀ ਹੈ।