ਹਠੂਰ/ਲੁਧਿਆਣਾ, ਅਕਤੂਬਰ 2020 -(ਕੌਂਸਲ ਮੱਲਾ/ਨਛੱਤਰ ਸੰਧੂ/ਬਲਬੀਰ ਸਿੰਘ ਬਾਠ/ਗੁਰਸੇਵਕ ਸੋਹੀ)- ਕੇਂਦਰ ਸਰਕਾਰ ਵੱਲੋਂ ਲਿਆਏ ਗਏ ਕਿਸਾਨੀ ਕਾਨੂੰਨਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਮਦਦ ਨਾਲ 23 ਅਰਬਪਤੀਆਂ ਦੀਆਂ ਨਜ਼ਰ ਕਿਸਾਨਾਂ ਦੀ ਜ਼ਮੀਨ ਤੇ ਫਸਲ 'ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਰਤਮਾਨ ਸਿਸਟਮ 'ਚ ਕੁਝ ਖਾਮੀਆਂ ਹਨ। ਇਨ੍ਹਾਂ ਨੂੰ ਬਦਲਣ ਦੀ ਲੋੜ ਹੈ, ਪਰ ਇਸ ਨੂੰ ਨਸ਼ਟ ਕਰਨ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਮੋਗਾ ਦੀ ਧਰਤੀ 'ਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਬਧਨੀ ਕਲਾਂ ਦੀ ਅਨਾਜ ਮੰਡੀ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 3 ਦਿਨਾ ਟ੍ਰੈਕਟਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਪੂੰਜੀਪਤੀ ਲੋਕ ਕਿਸਾਨਾਂ ਦੀ ਜ਼ਮੀਨ ਤੇ ਫ਼ਸਲ ਨੂੰ ਹਥਿਆਉਣ 'ਚ ਲੱਗੇ ਹਨ। ਰਾਹੁਲ ਗਾਂਧੀ ਨੇ ਕਰੀਬ 45 ਮਿੰਟ ਤਕ ਟ੍ਰੈਕਟਰ 'ਤੇ ਬੈਠ ਕੇ 22 ਕਿੱਲੋਮੀਟਰ ਤਕ ਦੀ ਯਾਤਰਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਦੇਸ਼ ਦੇ ਲੋਕਾਂ ਨੂੰ ਝੂਠ ਬੋਲ ਰਹੇ ਹਨ। ਨੋਟਬੰਦੀ ਕੀਤੀ ਜਿਸ ਨਾਲ ਕਾਲੇ ਪੈਸਾ ਤਾਂ ਮਿਟਾ ਨਹੀਂ ਸਕੇ ਪਰ ਲੋਕਾਂ ਨੂੰ ਬੈਕਾਂ ਦੇ ਬਾਹਰ ਖੜ੍ਹਾ ਕਰ ਦਿੱਤਾ। ਜੀਐੱਸਟੀ ਲਾਗੂ ਕਰ ਕੇ ਛੋਟੋ ਵਪਾਰੀਆਂ ਨੂੰ ਤਬਾਹ ਕਰ ਦਿੱਤਾ। ਰਾਹੁਲ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਨੂੰ ਅੰਡਾਨੀ ਤੇ ਅੰਬਾਨੀ ਵਰਗੇ ਪੂੰਜੀਪਤੀ ਕਠਪੁਤਲੀ ਦੀ ਤਰ੍ਹਾਂ ਚਲਾ ਰਹੇ ਹਨ।
ਨੋਟਬੰਦੀ ਤੇ ਜੀਐੱਸਟੀ ਦੇ ਮੁੱਦੇ ਨੂੰ ਦੁਬਾਰਾ ਉਠਾਉਂਦਿਆਂ ਰਾਹੁਲ ਨੇ ਕਿਹਾ ਕਿ ਕੋਵਿਡ ਵਰਗੇ ਮਾਹੌਲ 'ਚ ਆਖਿਰ ਕਿਸਾਨ ਸਬੰਧਿਤ ਤਿੰਨ ਬਿੱਲਾਂ ਨੂੰ ਲਿਆਉਣ ਦੀ ਕੀ ਲੋੜ ਸੀ। ਕੇਂਦਰ ਸਰਕਾਰ ਇਕ ਪਾਸੇ ਕਹਿ ਰਹੀ ਹੈ ਕਿ ਬਿੱਲ ਕਿਸਾਨਾਂ ਦੇ ਹਿੱਤ 'ਚ ਹਨ ਤਾਂ ਦੇਸ਼ ਦੇ ਫੂਡ ਸਿਕਿਓਰਟੀ ਤੇ ਅੰਨਾਜ ਸੰਪਨ ਬਣਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ। ਹਾਲਾਂਕਿ ਰਾਹੁਲ ਨੇ ਇਹ ਗੱਲ ਕਹੀ ਕਿ ਵਰਤਮਾਨ ਨੀਤੀ 'ਚ ਕੁਝ ਖਾਮੀਆਂ ਹਨ। ਜਿਸ ਨੂੰ ਬਦਲਣ ਦੀ ਲੋੜ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਪੂਰੇ ਸਿਸਟਮ ਨੂੰ ਹੀ ਨਸ਼ਟ ਕਰ ਦਿੱਤਾ ਜਾਵੇ। ਬਹਿਤਰ ਹੁੰਦਾ ਕਿ ਕੇਂਦਰ ਸਰਕਾਰ ਲੋਕ ਸਭਾ ਤੇ ਰਾਜ ਸਭਾ 'ਚ ਬਹਿਸ ਕਰਦੀ ਪਰ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾ ਕੇ ਕਿਸਾਨਾਂ ਨਾਲ ਅਨਿਆਂ ਕੀਤਾ।
ਕੇਂਦਰ ਸਰਕਾਰ 'ਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਕੋਵਿਡ ਦੌਰਾਨ ਜਿੱਥੇ ਪੂੰਜੀਪਤੀਆਂ ਦੇ ਕਰੋੜਾਂ ਰੁਪਏ ਦੇ ਟੈਕਸ ਮਾਫ਼ ਕੀਤੇ ਗਏ ਉੱਥੇ ਕਿਸਾਨਾਂ ਨੂੰ ਇਕ ਰੁਪਇਆ ਤਕ ਨਹੀਂ ਦਿੱਤਾ ਗਿਆ। ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਉਹ ਪੰਜਾਬ ਦੀ ਕਿਸਾਨੀ ਨੂੰ ਮਰਨ ਨਹੀਂ ਦੇਣਗੇ। ਇਸਲਈ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਬਧਨੀਕਲਾਂ ਤੋਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ, ਜਿਸ 'ਚ ਕਾਂਗਰਸ ਆਗੂਆਂ ਤੋਂ ਇਲਾਵਾ ਕਈ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਹਨ। ਟਰੈਕਟਰ ਯਾਤਰਾ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਰਾਹੁਲ ਜਿਹੜੇ ਟਰੈਕਟਰ 'ਚ ਬੈਠੇ ਹਨ ਉਸ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਚਲਾ ਰਹੇ ਹਨ। ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਹਨ।
ਇਸ ਤੋਂ ਪਹਿਲਾਂ, ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ ਲਈ ਚਾਪਰ ਤੋਂ ਮੋਗਾ ਪਹੁੰਚੇ। ਰੈਲੀ ਸਥਾਨ 'ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰਾਹੁਲ ਦੇ ਮੰਚ ਤੇ ਨਵੋਜਤ ਸਿੰਘ ਸਿੱਧੂ ਵੀ ਮੌਜੂਦ ਰਹੇ।