ਹਾਥਰਸ ਜਬਰ ਜਨਾਹ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ

ਹਾਥਰਸ , ਅਕਤੂਬਰ 2020 -(ਜਨ ਸਕਤੀ ਬਿਉਰੋ)   ਯੂਪੀ ਦੇ ਬੂਲਗੜ੍ਹੀ ਪਿੰਡ ਵਿਚ ਲੜਕੀ ਦੀ ਮੌਤ ਕਾਰਨ ਉੱਠ ਰਹੇ ਤੂਫ਼ਾਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਿਨੇ ਸੂਬੇ ਦੇ ਅੱਪਰ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਤੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਪੀੜਤ ਪਰਿਵਾਰ ਦੇ ਘਰ ਪੁੱਜੇ। ਅਧਿਕਾਰੀਆਂ ਦੇ ਭਰੋਸੇ 'ਤੇ ਲੜਕੀ ਦੇ ਪਰਿਵਾਰ ਵਾਲੇ ਸੰਤੁਸ਼ਟ ਨਜ਼ਰ ਆਏ।

ਦੋਵੇਂ ਅਧਿਕਾਰੀ ਦੁਪਹਿਰ 2:20 ਵਜੇ ਮ੍ਰਿਤਕ ਲੜਕੀ ਦੇ ਘਰ ਪੁੱਜੇ। ਲੜਕੀ ਦੇ ਪਿਤਾ, ਮਾਂ, ਭੈਣ, ਭਰਾ, ਭਰਜਾਈ ਸਮੇਤ ਨੌਂ ਲੋਕਾਂ ਨਾਲ ਜ਼ਮੀਨ 'ਤੇ ਬੈਠ ਕੇ ਅਧਿਕਾਰੀਆਂ ਨੇ ਗੱਲਬਾਤ ਕੀਤੀ। ਅੱਪਰ ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੂਰੇ ਮਾਮਲੇ 'ਤੇ ਨਜ਼ਰ ਰੱਖੀ ਹੋਈ ਹੈ। ਜਿਨ੍ਹਾਂ ਨੇ ਲਾਪਰਵਾਹੀ ਵਰਤੀ ਉਨ੍ਹਾਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਐੱਸਆਈਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਦੋਸ਼ੀ ਹੋਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ 'ਤੇ ਪਰਿਵਾਰ ਨੇ ਸੰਤੁਸ਼ਟੀ ਪ੍ਰਗਟ ਕੀਤੀ। ਹਾਲਾਂਕਿ ਪਰਿਵਾਰ ਨੇ ਬੇਟੀ ਦਾ ਸਸਕਾਰ ਨਾ ਕਰਨ ਦੇਣ ਤੇ ਘਰ 'ਤੇ ਪੁਲਿਸ ਦੇ ਪਹਿਰੇ ਦੀ ਸ਼ਿਕਾਇਤ ਕੀਤੀ।

ਐੱਸਆਈਟੀ ਕਰ ਰਹੀ ਹੈ ਬਾਰੀਕੀ ਨਾਲ ਜਾਂਚ - ਅਵਸਥੀ

ਮ੍ਰਿਤਕਾ ਦੇ ਪਰਿਵਾਰ ਨਾਲ ਮੁਲਾਕਾਤ ਪਿੱਛੋਂ ਪੁਲਿਸ ਲਾਈਨ 'ਚ ਅੱਪਰ ਮੁੱਖ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਆਈਟੀ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦੁਆਉਣ ਲਈ ਬਾਰੀਕੀ ਨਾਲ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮੀਡੀਆ ਦੇ ਸਵਾਲ ਕਰਦਿਆਂ ਹੀ ਦੋਵੇਂ ਅਧਿਕਾਰੀ ਉਠ ਕੇ ਚਲੇ ਗਏ ਤੇ ਹੈਲੀਕਾਪਟਰ ਵਿਚ ਬੈਠ ਕੇ ਰਵਾਨਾ ਹੋ ਗਏ।