You are here

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106 ਵੇਂ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ

ਸਰਾਭਾ 17 ਨਵੰਬਰ (ਜਸਮੇਲ ਗ਼ਾਲਿਬ)  ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106 ਵੇਂ  ਸ਼ਹੀਦੀ ਦਿਵਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਲੁਧਿਆਣਾ ਦੇ ਵਖ ਵਖ ਬਲਾਕਾਂ ਚੋਂ ਸੈਂਕੜੇ ਕਿਸਾਨਾਂ ਮਜਦੂਰਾਂ ਨੇ ਵਖ ਵਖ  ਪਿੰਡਾਂ ਚੋਂ ਮੋਟਰਸਾਈਕਲਾਂ ਸਕੂਟਰਾਂ ਗੱਡੀਆਂ ਤੇ ਮਾਰਚ ਕਰਦਿਆਂ" ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਰਾਹ = ਗਦਰ ਗਦਰ ਗਦਰ "ਦੇ ਨਾਰੇ ਗੁੰਜਾਉੰਦਿਆਂ ਸ਼ਹੀਦ ਦੇ ਪਿੰਡ ਸਰਾਭਾ ਵਿਖੇ ਪੁੱਜੇ । ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਦੇ ਵਖ  ਵਖ ਬਲਾਕਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ । ਇਸ ਸਮੇਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਓਨਾਂ ਨਾਲ ਇਸੇ ਦਿਨ ਲਾਹੋਰ ਸਾਜਿਸ਼ ਕੇਸ ਪਹਿਲਾ ਚ ਫਾਂਸੀ ਚੜਾ ਦਿੱਤੇ ਗਏ ਜਗਤ ਸਿੰਘ ਸੁਰ ਸਿੰਘ ਵਾਲਾ , ਵਿਸ਼ਨੂੰ ਗਣੇਸ਼ ਪਿੰਗਲੇ ,ਬਖਸੀਸ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ( ਤਿੰਨੇ ਗਿਲਾਂਵਾਲੀ) ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਸਮੁੱਚੇ ਕਿਰਤੀ ਲੋਕਾਂ ਤੇ ਇਕ ਕਰਜ ਹੈ। ਸਾਮਰਾਜਵਾਦ ਖਿਲਾਫ ਫਾਂਸੀ ਦਾ ਰੱਸਾ ਚੁੰਮਣ ਵਾਲੇ,  ਕਾਲੇ ਪਾਣੀਆਂ ਚ ਉਮਰਕੈਦਾਂ ਕੱਟਣ ਵਾਲੇ, ਘਰਾਂ ਦੀਆਂ ਕੁਰਕੀਆਂ ਕਰਾਉਣ ਵਾਲੇ ਸੈਂਕੜੇ ਗਦਰੀਆਂ ਦਾ ਸੁਪਨਾ ਇਕ ਲੁੱਟ ਰਹਿਤ ਸਮਾਜਵਾਦੀ ਰਾਜ ਦੀ ਸਥਾਪਨਾ ਸੀ । ਉਨਾਂ ਕਿਹਾ ਕਿ 74 ਸਾਲਾਂ ਦੀ ਆਜਾਦੀ ਨੇ ਅਮੀਰਾਂ ਦੇ, ਕਾਰਪੋਰੇਸ਼ਨਾਂ ਦੀਆਂ ਜਾਇਦਾਦਾਂ ਚ ਤਾਂ ਲੋਹੜੀਆਂ ਦਾ ਵਾਧਾ ਕੀਤਾ ਹੈ, ਪਰ ਗਰੀਬ ਕਿਸਾਨ ਮਜਦੂਰ ਖੁਦਕਸ਼ੀਆਂ ਤੇ ਭੁੱਖ, ਨੰਗ ਨਾਲ ਘੁਲਣ ਲਈ ਮਜਬੂਰ ਹੈ।ਸ਼ਹੀਦਾਂ ਦੇ ਸੁਪਨਿਆਂ ਨੂੰ ਮਿੱਟੀ ਚ ਰੋਲ ਰਹੇ ਹਾਕਮ ਸਾਮਰਾਜ ਨਿਰਦੇਸ਼ਿਤ  ਨਵੀਆਂ ਆਰਥਿਕ  ਤੇ ਸਨਅਤੀ ਨੀਤੀਆਂ ਰਾਹੀਂ ਕੁਲ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਕੰਟਰੋਲ ਕਰ ਰਹੇ ਹਨ  । ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦਾ ਕਿਸਾਨ ਸਵਾ ਸਾਲ ਤੋਂ ਸੰਘਰਸ਼ ਕਰਦਾ ਸ਼ਹੀਦੀ ਜਾਮ ਪੀ ਰਿਹਾ ਹੈ। ਸਨਅਤੀ ਮਜਦੂਰਾਂ ਤੇ ਮੁਲਾਜਮਾਂ ਦਾ ਗਲ ਘੁੱਟਣ ਲਈ ਨਵੇਂ ਕਿਰਤ ਕਨੂੰਨ ਭਾਜਪਾਈ ਹਾਕਮਾਂ ਵਲੋਂ ਪਾਸ ਕਰ ਦਿੱਤੇ ਗਏ ਹਨ। ਭਾਜਪਾ ਦਾ ਫਾਸ਼ੀਵਾਦ ਘਟਗਿਣਤੀਆਂ ਤੇ ਜਬਰ ਦਾ ,ਉਨਾਂ ਨੂੰ ਤੇ ਹਰ ਵਿਰੋਧ ਕਕਰਨ ਵਾਲੇ ਨੂੰ ਜੇਲਾਂ ਚ ਬੰਦ ਕਰਨ , ਦੇਸ਼ੋ ਦਰ ਬਦਰ ਕਰਨ ਦਾ ਲੋਕ ਵਿਰੋਧੀ ਕਾਰਾ ਕਰਦਾ ਲੋਕਾਂ ਦਾ ਦੁਸ਼ਮਣ ਨੰਬਰ ਇੱਕ ਬਣ ਚੁੱਕਿਆ ਹੈ। ਇਸ ਸਮੇਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਦਾ ਵਿਸ਼ਾਲ ਕਾਫਲਾ ਸਰਾਭਾ ਜੀ ਦੇ ਬੁੱਤ ਤੋਂ ਸ਼ਹੀਦ ਦੇ ਜੱਦੀ ਘਰ ਪੰਹੁਚਿਆ ਤੇ ਸਤਿਕਾਰ ਵਜੋਂ ਮਹਾਨ ਯੋਧੇ ਦੀ ਲਾਸਾਨੀ  ਸ਼ਹਾਦਤ ਨੂੰ ਨਮਸਕਾਰ ਕੀਤਾ। ਇਸ ਸਮੇਂ ਬੋਲਦਿਆਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ, ਗੁਰਪ੍ਰੀਤ ਸਿੰਘ ਸਿਧਾਂਤਿਕ ਪ੍ਰੈੱਸ ਸਕਤਰ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ , ਹਰਦੀਪ ਸਿੰਘ ਗਾਲਬ, ਰਾਮਸਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਸ਼ਹੀਦ ਸਰਾਭਾ ਦੀ ਯਾਦ ਚ ਜਿਲੇ ਦੇ ਸਾਰੇ ਪਿੰਡਾਂ ਚ ਸ਼ਰਧਾਂਜਲੀ ਸਮਾਗਮ ਕਰਦਿਆਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਔਰਤਾਂ ਨੂੰ 25 ਨਵੰਬਰ ਨੂੰ ਦਿੱਲੀ ਸੰਘਰਸ਼ ਮੋਰਚਿਆਂ ਲਈ ਜੋਰਦਾਰ ਲਾਮਬੰਦੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਗਦਰੀ ਸ਼ਹੀਦਾਂ ਨੇ ਸਾਮਰਾਜ ਖਿਲਾਫ ਸਮਾਜਵਾਦ ਦੀ ਸਥਾਪਤੀ ਦੀ ਲੜਾਈ ਲੜੀ ਸੀ ,ਜੋ ਅੱਜ ਵੀ ਜਾਰੀ ਹੈ।ਉਨਾਂ ਕਿਹਾ ਕਿ  ਗਦਰੀ ਸ਼ਹੀਦਾਂ ਦਾ ਮਿਸ਼ਨ ਘਰ ਘਰ ਪਹੁੰਚਾਉਣ ਅਤੇ ਪੂਰਾ ਕਰਾਉਣ ਲਈ ਕਿਸਾਨ ਮਜਦੂਰ ਜਥੇਬੰਦੀਆਂ ਦਿਨ ਰਾਤ ਇਕ ਕਰ ਦੇਣਗੀਆਂ।

Facebook Video Link ; https://fb.watch/9kXe3J3V8H/