ਚੰਡੀਗੜ੍ਹ 15 ਨਵੰਬਰ ( ਇਕਬਾਲ ਸਿੰਘ ਰਸੂਲਪੁਰ ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭਰਾਤਰੀ ਸੰਘਰਸ਼ ਸਾਂਝ ਦੀ ਮਜ਼ਬੂਤੀ ਲਈ ਯਤਨਾਂ ਨੂੰ ਜਾਰੀ ਰੱਖਦਿਆਂ ਕਾਂਗਰਸੀ ਪੰਜਾਬ ਸਰਕਾਰ ਦੁਆਰਾ ਮੜ੍ਹੀਆਂ ਗਈਆਂ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਦਰੜੇ ਜਾ ਰਹੇ ਠੇਕਾ ਕਾਮਿਆਂ ਦੇ ਦੋ ਵਰਗਾਂ ਵੱਲੋਂ ਲੜੇ ਜਾ ਰਹੇ ਹੱਕੀ ਸੰਘਰਸ਼ਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 17 ਨਵੰਬਰ ਨੂੰ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵੱਲੋਂ ਨਾਭਾ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਹਮਾਇਤੀ ਸ਼ਮੂਲੀਅਤ ਕੀਤੀ ਜਾਵੇਗੀ। ਕਿਉਂਕਿ ਉਨ੍ਹਾਂ ਨੂੰ ਇਸ ਲੰਬੇ ਸੇਵਾ ਕਾਲ ਦੇ ਆਧਾਰ 'ਤੇ ਪੱਕਾ ਕਰਨ ਦੀ ਵਾਜਬ ਹੱਕੀ ਮੰਗ ਮੰਨਣ ਦੀ ਬਜਾਏ ਚੰਨੀ ਸਰਕਾਰ ਨਵੀਂ ਪੱਕੀ ਭਰਤੀ ਦੇ ਧੋਖਾਦੇਹ ਅਮਲ ਰਾਹੀਂ ਸੇਵਾ-ਮੁਕਤ ਕਰਨ ਵਾਲੀ ਮਾਰੂ ਨੀਤੀ ਮੜ੍ਹਨ 'ਤੇ ਉਤਾਰੂ ਹੋਈ ਬੈਠੀ ਹੈ। ਦੂਜੇ ਪਾਸੇ ਮੋਰਿੰਡਾ ਵਿਖੇ ਇਸੇ ਤਰ੍ਹਾਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਕਈ-ਕਈ ਸਾਲਾਂ ਦੀ ਸਰਵਿਸ ਵਾਲੇ ਦੋ ਲੱਖ ਤੋਂ ਵੱਧ ਠੇਕਾ ਕਾਮਿਆਂ ਨੂੰ ਪੱਕੇ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੁਆਰਾ ਹਫ਼ਤਿਆਂ ਬੱਧੀ ਲਾਏ ਹੋਏ ਪੱਕੇ ਮੋਰਚੇ ਵਿੱਚ 19 ਨਵੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਕਾਨਫਰੰਸ ਵਿੱਚ ਵੀ ਹਮਾਇਤ ਵਜੋਂ ਕਿਸਾਨ ਸ਼ਾਮਲ ਹੋਣਗੇ।