ਜਗਰਾਓਂ, ਜੂਨ 2019(ਮਨਜਿੰਦਰ ਗਿੱਲ)—ਇਨਕਲਾਬੀ ਕੇਂਦਰ ਪੰਜਾਬ ਦੇ ਸੁਬਾ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਕ ਪ੍ਰੈਸ ਬਿਆਨ ਰਾਹੀਂ ਭਗਵਾਨਪੁਰਾ 'ਚ ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਅਮਰਿੰਦਰ ਸਰਕਾਰ ਦੀ ਲਾਪ੍ਰਵਾਹੀ ਦੀ ਘੋਰ ਨਿੰਦਾ ਕਰਦਿਆ ਕਿਹਾ ਕਿ ਭਗਵਾਨਪੁਰਾ 'ਚ ਦੋ ਸਾਲ ਦਾ ਬੱਚਾ ਫਤਿਹਵੀਰ ਖੇਡਦਾ ਖੇਡਦਾ ਅਣਵਰਤੇ ਪਏ 120 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਪਿਆ ਸੀ।ਜਿਲ੍ਹਾ ਪ੍ਰਸ਼ਾਸ਼ਨ ਸੰਂਗਰੂਰ ਨੂੰ ਇਸ ਮੰਦਭਾਗੀ ਘਟਨਾ ਦੀ ਫ਼ੌਰੀ ਜਾਣਕਾਰੀ ਮਿਲ ਗਈ ਸੀ। ਪਰ ਜਿਲ੍ਹਾ ਪ੍ਰਸ਼ਾਸ਼ਨ ਦੀ ਢਿਲ ਮੱਠ ਨੂੰ ਦੇਖ ਕੇ ਲੋਕ ਅਤੇ ਖਾਸ ਕਰ ਨੌਜਵਾਨ ਆਪਣੇ ਹੀ ਢੰਗ ਨਾਲ ਬੱਚੇ ਦੇ ਬਚਾਉਣੁ ਲਈ ਜੁਟ ਗਏ। ਪਰ ਫਤਿਹੇਵੀਰ ਕਿਸੇ ਧਨਾਢ ਆਦਮੀ ਅਤੇ ਘਾਗ ਸਿਆਸੀ ਲੀਡਰ ਦਾ ਬੱਚਾ ਨਾ ਹੋਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੁਰਘਟਨਾ ਬਾਰੇ ਕਈ ਦਿਨ ਚੁਪ ਵੱਟੀ ਰੱਖੀ।ਇਸੇ ਕਰਕੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਦੁਰਘਟਨਾ ਨੂੰ ਹੰਗਾਮੀ ਤੌਰ ਤੇ ਨਹੀਂ ਲਿਆ ਅਤੇ ਨਾ ਹੀ 120 ਫੁੱਟ ਬਹੁਤ ਡੂੰਘੇ ਬੋਰਵੈੱਲ ਵਿਚੋਂ ਬੱਚੇ ਨੂੰ ਕੱਢਣ ਲਈ ਇਕ ਗੰਭੀਰ ਚੁਣੌਤੀ ਤੌਰ ਤੇ ਲਿਆ।ਸਗੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਇਸ ਦੁਰਘਟਨਾ ਲਈ ਬਿਪਤਾ ਵਿਚ ਫਸੇ ਫਤਿਹੇਵੀਰ ਦੇ ਮਾਪਿਆਂ ਨੂੰ ਦੋਸ਼ੀ ਠਹਾਇਆ ।ਫਤਿਹੇਵੀਰ ਨੂੰ 110 ਘੰਟਿਆਂ ਤੋਂ ਬਾਅਦ ਬੋਰਵੈਲ ਵਿਚੋਂ ਉਦੋਂ ਕੱਢਿਆ ਗਿਆ ਜਦੋਂ ਉਸ ਦੀ ਮੌਤ ਹੋ ਚੁੱਕੀ ਸੀ। ਪਰ ਉਸ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਪੀਜੀਆਈ ਚੰਡੀਗੜ੍ਹ ਲਿਜਾਣ ਦੀ ਡਰਾਮੇਬਾਜ਼ੀ ਕੀਤੀ ਗਈ। ਇਨਕਲਾਬੀ ਕੇਂਦਰ, ਪੰਜਾਬ ਫਤਿਹਵੀਰ ਦੀ ਮੌਤ ਉੱਪਰ ਗਹਿਰੇ ਦੁੱਖ ਨਾਲ ਅਫਸੋਸ ਅਤੇ ਉਸ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।ਪਰ ਕੇਂਦਰ ਸਮਝਦਾ ਹੈ ਕਿ ਇਸ ਮੰਦਭਾਗੀ ਘਟਨਾ ਵਾਪਰ ਜਾਣ ਤੋਂ ਫੌਰੀ ਬਾਅਦ ਸਰਕਾਰ ਨੇ ਬਚਾਉ ਕਾਰਜਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਨਾ ਇਸ ਨੇ ਕੋਈ ਆਧੁਨਿਕ ਵਿਗਿਆਨਕ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇਸ ਹੰਗਾਮੀ ਹਾਲਤ 'ਚ ਫੌਜ ਨੂੰ ਬਲਾਉਣ ਦਾ ਤਰੱਦਦ ਕੀਤਾ ਹੈ।ਭਾਰਤੀ ਹਾਕਮਾਂ ਵੱਲੋਂ ਦੇਸ਼ ਨੂੰ ਦੁਨੀਆਂ ਦੀ ਇਕ ਸੁਪਰ ਪਾਵਰ ਬਣਾਉਣ ਦੇ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਹਨ।ਮੋਦੀ ਵੱਲੋਂ ਵਲਭਪਾਈ ਪਟੇਲ ਦੇ ਉੱਚੇ ਬੁਤ ਨੂੰ ਅਮਰੀਕਾ ਦੀ 'ਸਟੈਚੂ ਆਫ ਲਿਬਰਟੀ' ਨਾਲੋਂ ਉੱਚੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ। ਪਰ ਭਾ ਰਤ ਅੰਦਰ ਨਾ ਫਤਿਹਵੀਰ ਵਰਗੇ ਬੱਚਿਆਂ ਨੂੰ ਆਫ਼ਤਾਂ ਵਿਚੋਂ ਬਚਾਉਣ ਲਈ ਕੋਈ ਪ੍ਰਬੰਧ ਹੈ ਅਤੇ ਨਾ ਹੀ ਗੁਜਰਾਤ ਵਿੱਚ ਚਾਰ ਮੰਜਲਾ ਇਮਾਰਤ ਨੂੰ ਅੱਗ ਲੱਗ ਜਾਣ 'ਤੇ ਉਸ 'ਚ ਰਹਿੰਦੇ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ਚੋਂ ਕੱਢਣ ਲਈ ਫਾਇਰ ਬ੍ਰਗੇਡ ਕੋਲ ਪੌੜੀ ਤੱਕ ਦਾ ਪ੍ਰਬੰਧ ਹੈ।ਇਨਕਲਾਬੀ ਕੇਂਦਰ,ਪੰਜਾਬ ਨੇ ਮੀਡੀਏ ਬਾਰੇ ਕਿਹਾ ਕਿ ਉਸ ਨੂੰ ਅਜਿਹੀਆ ਦੁਖਦਾਈ ਘਟਨਾਵਾਂ ਨੂੰ ਆਪਣੀ ਟੀ ਆਰ ਪੀ ਵਧਾਉਣ ਦੀ ਬਜਾਏ ਅਮਰਿੰਦਰ ਸਿੰਘ ਸਰਕਾਰ ਵਰਗੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।ਪੰਜਾਬ ਅੰਦਰ ਅਜਿਹੀਆਂ ਅਨੇਕਾਂ ਦੁਰਘਟਨਾਵਾਂ ਵਾਪਰ ਜਾਣ ਦੇ ਬਾਵਜੂਦ ਸਰਕਾਰ ਨੇ ਇਨ੍ਹਾਂ ਨੂੰ ਰੋਕਣ ਲਈ ਨਾ ਕੋਈ ਇਹਤਿਅਤੀ ਨੀਤੀ ਬਣਾਈ ਅਤੇ ਨਾ ਹੀ ਅਜਿਹੀਆਂ ਦੁਰਘਟਨਾਵਾਂ ਵਾਪਰਨ ਸਮੇਂ ਕੋਈ ਫੌਰੀ ਆਫ਼ਤਾਂ ਨਾਲ ਨਜਿੱਠਣ ਦੇ ਪ੍ਰਬੰਧਦਾ ਦੀ ਯੋਜਨਾ ਬਣਾਈ ਹੈ। ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਨੇ ਫਤਿਹਵੀਰ ਨੂੰ ਬਚਾਉਣ ਬਾਰੇ ਪੰਜਾਬ ਸਰਕਾਰ ਦੇ ਨਾਅਹਿਲੀਅਤ ਰਵੱਈਏ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਸਾਨੂੰ ਉਸ ਦੀ ਮੌਤ ਲਈ ਜਿੰਮੇਵਾਰ ਅਮਰਿੰਦਰ ਸਰਕਾਰ ਦੀ ਲਾਪ੍ਰਵਾਹੀ ਦੀ ਘੋਰ ਨਿੰਦਾ ਕਰਦਿਆਂ ਉਸ ਦੇ ਲੋਕ ਵਿਰੋਧੀ ਕਿਰਦਾਰ ਦਾ ਪਰਦਾਚਾਕ ਕਰਨਾ ਚਾਹੀਦਾ ਹੈ ਅਤੇ ਭਗਵਾਨਪੁਰਾ ਵਰਗੀਆਂ ਦੁਰਘਟਨਾਵਾਂ ਰੋਕਣ ਲਈ ਸਰਕਾਰ 'ਤੇ ਦਬਾਅ ਪਾਉਣ ਲਈ ਸੰਘਰਸ਼ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।