You are here

ਦੁਸਹਿਰੇ ਦੇ ਤਿਉਹਾਰ ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਾਡੇ ਦੇਸ਼ ਵਿੱਚ ਅਨੇਕਾਂ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤਿਉਹਾਰਾਂ ਨੂੰ ਮਨਾਉਣ ਦੀ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੋਸਤੋਂ ਹਰ ਇੱਕ ਤਿਉਹਾਰ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜਿਵੇਂ ਸੱਭਿਆਚਾਰਕ ਸੰਸਕ੍ਰਿਤੀ ,ਇਤਿਹਾਸਿਕ ,ਨੈਤਿਕ ਮੁੱਲਾਂ,ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਦੋਸਤੋ ਦੁਸਹਿਰੇ ਦੇ ਤਿਉਹਾਰ ਦਾ ਸਭ ਨੂੰ ਚਾਅ ਹੁੰਦਾ ਹੈ ਕਿਉਂਕਿ ਇਸ ਤਿਉਹਾਰ ਤੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਬਾਕੀ ਤਿਉਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ।ਕਈ ਪਰਿਵਾਰਾਂ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਹਨ।
ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ।ਇਹ ਤਿਉਹਾਰ ਦੀਵਾਲੀ ਤੋਂ ਵੀਹ ਦਿਨ ਪਹਿਲਾ ਮਨਾਇਆ ਜਾਂਦਾ ਹੈ।ਇਸ ਦਿਨ ਭਗਵਾਨ ਰਾਮ ਜੀ ਨੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਚੋਂ ਮੁਕਤ ਕਰਵਾਇਆ ਅਤੇ ਉਸਤੇ ਜਿੱਤ ਪ੍ਰਾਪਤ ਕੀਤੀ ਸੀ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ।ਦੋਸਤੋਂ ਦੁਸਹਿਰੇ ਤੋਂ ਪਹਿਲਾ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਉਸਨੂੰ ਵੀ ਦੁਸਹਿਰੇ ਵਾਲੇ ਦਿਨ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਦੁਸਹਿਰੇ ਵਾਲੇ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ।ਬੱਚਿਆਂ ਨੂੰ ਦੁਸਹਿਰਾ ਦੇਖਣ ਦਾ ਬੜਾ ਹੀ ਚਾਅ ਹੁੰਦਾ ਹੈ।ਵੱਖ -ਵੱਖ ਸ਼ਹਿਰਾਂ ਵਿੱਚ ਝਲਕੀਆਂ ਦਿਖਾਈਆਂ ਜਾਂਦੀਆਂ ਹਨ। ਦੁਸਹਿਰੇ ਤੋਂ ਪਹਿਲਾ ਕਥਾ (ਰਮਾਇਣ)ਵੀ ਸੁਣਾਈ ਜਾਂਦੀ ਹੈ।ਰਾਮ-ਰੀਲਾ ਦਿਖਾਈ ਜਾਂਦੀ ਹੈ।ਦੁਸਹਿਰੇ ਦਾ ਚਾਅ ਮੈਨੂੰ ਵੀ ਬਹੁਤ ਹੁੰਦਾ ਹੈ ਦੋਸਤੋਂ ।ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਤਾਂ ਅਸੀਂ ਸਾਰੇ ਜਾਣੇ ਪਾਪਾ ਨਾਲ ਬਰਨਾਲੇ ਦੁਸਹਿਰਾ ਦੇਖਣ ਜਾਂਦੇ ਸੀ ਰਾਮ ਲਛਮਣ ਦੀਆਂ ਝਾਕੀਆਂ ਦੇਖ ਕੇ ਬੜੇ ਖੁਸ਼ ਹੁੰਦੇ ਸੀ ਕਈ ਵਾਰ ਤੀਰ ਕਮਾਨ ਲੈਣ ਦੀ ਵੀ ਜਿੱਦ ਕਰਦੇ ਸੀ।ਤੇ ਨਿੱਕੇ ਨਿੱਕੇ ਪਿਸਤੌਲ ਖਰੀਦ ਲੈਂਦੇ ਸੀ ਉਹ ਲਾਲ ਗੋਲ ਬਿੰਦੀਆਂ ਵਾਲੇ ਪਟਾਖੇ ਲੈਂਦੇ ਸੀ ਜੋ ਪਿਸਤੌਲ ਵਿੱਚ ਪਾਕੇ ਚੱਲਦੇ ਸਨ ਉਹ ਪਟਾਖੇ ਅਸੀਂ ਦੀਵਾਲੀ ਤੱਕ ਵਜਾਈ ਹੀ ਜਾਂਦੇ ਸੀ ਪਰ ਦੋਸਤੋਂ ਅੱਜ ਉਹ ਦੁਸਹਿਰੇ ਦੇ ਦਿਨ ਨਹੀਂ ਰਹੇ ਜੋ ਕਦੇ ਬਚਪਨ ਵਿੱਚ ਹੋਇਆਂ ਕਰਦੇ ਸੀ।ਦੋਸਤੋ ਦੁਸਹਿਰੇ ਵਾਲੇ ਦਿਨ ਲੋਕ ਘਰਾਂ ਵਿੱਚ ਕਈ ਤਰਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਉਹਨਾਂ ਵਿੱਚ ਕਈ ਤਰਾਂ ਦੇ ਪਟਾਕੇ ਪੋਟਾਸ ਭਰਿਆ ਜਾਂਦਾ ਹੈ।ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ।ਸ਼ਾਮ ਨੂੰ ਲੋਕ ਮੇਲਾ ਵੇਖ ਕੇ ਖੁਸ਼ੀ-ਖੁਸ਼ੀ ਮਠਿਆਈਆਂ,
ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਇਹ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ।

ਗਗਨਦੀਪ ਧਾਲੀਵਾਲ ।