You are here

23 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਦੀ ਕੋਠੀ ਦਾ ਕਰਾਂਗੇ  ਘਿਰਾਓ....ਸੂਬਾ ਪ੍ਰਧਾਨ ਡਾ ਰਮੇਸ਼ ਬਾਲੀ

ਯੂ ਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ......  
 
ਮਹਿਲ ਕਲਾਂ /ਬਰਨਾਲਾ- 10 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਫੋਨ ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪੱਧਰੀ ਮੀਟਿੰਗ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ। ਪਹਿਲੇ ਮਤੇ ਰਾਹੀਂ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਹੁਣ ਤਕ 650 ਤੋਂ ਜ਼ਿਆਦਾ ਸਹੀਦ ਹੋਏ ਕਿਸਾਨਾਂ -ਮਜ਼ਦੂਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਯੂਪੀ ਕਤਲ ਕਾਂਡ ਦੇ ਸਬੰਧਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਪੁਰਜੋਰ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ  ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀ 23 ਅਕਤੂਬਰ ਨੂੰ ਪੰਜਾਬ 'ਚ ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। 
ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ   2017 ਵਿੱਚ ਜਦੋਂ ਕਾਂਗਰਸ ਸਰਕਾਰ  ਹੋਂਦ ਵਿੱਚ ਆਈ ਸੀ ਤਾਂ ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੱਦ ਨੰਬਰ 16 ਤੇ ਲਿਖ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਕੀਤਾ ਹੱਲ ਜਾਵੇਗਾ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ, ਤਾਂ ਉਨ੍ਹਾਂ ਨੇ ਆਪਣੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜਲਦੀ ਹੀ ਥੋੜ੍ਹੇ ਦਿਨਾਂ ਵਿਚ ਮੈਂ ਖ਼ੁਦ ਆਪ ਮੀਟਿੰਗ ਲਵਾਂਗਾ । ਪਰ ਅਜੇ ਤੱਕ  ਮੀਟਿੰਗ ਲਈ ਸੱਦਾ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰਲੇ ਹਫ਼ਤੇ ਜਾਂ ਦਸੰਬਰ ਦੇ ਪਹਿਲੇ ਹਫ਼ਤੇ   ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਚੰਨੀ ਨਾਲ ਗੱਲ ਕਰਨਾ ਚਾਹੁੰਦੇ ਸੀ ,ਪਰ ਉਨ੍ਹਾਂ ਨੇ ਸਾਨੂੰ ਅਜੇ ਤਕ ਕੋਈ ਟਾਈਮ ਨਹੀਂ ਦਿੱਤਾ। ਜਿਸ ਤੋਂ ਅਸੀਂ ਆਪਣੀ ਕਮੇਟੀ ਵਿੱਚ ਫ਼ੈਸਲਾ ਕੀਤਾ ਹੈ ਕਿ  ਆਪਣੀ ਆਵਾਜ਼ ਸਰਕਾਰ ਤਕ ਪਹੁੰਚਾਉਣ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ 23 ਅਕਤੂਬਰ 2021 ਨੂੰ ਘਿਰਾਓ ਕਰਾਂਗੇ। ਜਿਸ ਵਿੱਚ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ  ਮੈਡੀਕਲ ਪ੍ਰੈਕਟੀਸ਼ਨਰਜ਼ ਪਹੁੰਚਣਗੇ। ਇਸ ਸਮੇਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਡਾ ਮਾਘ ਸਿੰਘ ਮਾਣਕੀ ਸੰਗਰੂਰ ,ਡਾ ਰਾਜੇਸ਼ ਸ਼ਰਮਾ ਲੁਧਿਆਣਾ ,ਡਾ ਠਾਕੁਰਜੀਤ ਸਿੰਘ ਮੁਹਾਲੀ,ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਧਰਮਪਾਲ ਸਿੰਘ ਭਵਾਨੀਗੜ੍ਹ ਸੰਗਰੂਰ, ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਡਾ ਦੀਦਾਰ ਸਿੰਘ ਮੁਕਤਸਰ ਸਾਹਿਬ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਗੁਰਚਰਨ ਸਿੰਘ ਡਾ ਸਤਨਾਮ ਸਿੰਘ ਦੇਉ ਤਰਨਤਾਰਨ ,ਡਾ ਜੋਗਿੰਦਰ ਸਿੰਘ ਸੰਧੂ,ਗੁਰਮੁੱਖ ਸਿੰਘ ਮੁਹਾਲੀ  ਆਦਿ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਚੋਂ ਡਾਕਟਰ ਸਾਹਿਬਾਨ ਹਾਜ਼ਰ ਸਨ।