ਜਗਰਾਉਂ 28 ਸਤੰਬਰ (ਜਸਮੇਲ ਗ਼ਾਲਿਬ )364 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜਦੂਰ ਧਰਨੇ ਚ ਅੱਜ ਸਭ ਤੋਂ ਪਹਿਲਾਂ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪੁਲਸ ਸਟੇਸ਼ਨ ਸਾਹਮਣੇ ਅੰਗਰੇਜ ਹਕੂਮਤ ਵਲੋਂ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੀ ਗਈ ਆਜਾਦੀ ਲਹਿਰ ਦੀ ਵੀਰਾਂਗਨਾ ਮਾਂਤਾਗਨੀ ਹਾਜਰਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।1942 ਚ ਅੱਜ ਦੇ ਦਿਨ 29 ਸਿਤੰਬਰ ਨੂੰ ਸ਼ਹੀਦ ਕੀਤੀ ਇਸ ਆਜਾਦੀ ਘੁਲਾਟਣ ਨੂੰ ਬੰਗਾਲੀ ਲੋਕ ਗਾਂਧੀ ਬੁਰਰੀ ਦੇ ਨਾਂ ਨਾਲ ਜਾਣਦੇ ਹਨ।ਅੱਜ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਚਲੇ ਇਸ ਧਰਨੇ ਚ ਸਭ ਤੋਂ ਪਹਿਲਾਂ 27 ਸਿਤੰਬਰ ਦੇ ਭਾਰਤ ਬੰਦ ਦੀ ਸਫਲਤਾ ਤੇ ਸਮੂਹ ਇਲਾਕਾ ਵਾਸੀ, ਬੰਦ ਚ ਸ਼ਾਮਲ ਕਿਸਾਨਾਂ, ਦਿਹਾਤੀ ਮਜਦੂਰਾਂ,ਦੁਕਾਨਦਾਰਾਂ ,ਵਪਾਰੀਆਂ ਨੋਜਵਾਨਾਂ,ਔਰਤਾਂ, ਬੱਚਿਆਂ ਦਾ ਧੰਨਵਾਦ ਕਰਦਿਆਂ ਲੋਕ ਏਕਤਾ ਦਾ ਜੱਕ ਹੋਰ ਵਿਸ਼ਾਲ ਕਰਨ ਦੀ ਮੁਬਾਰਕਬਾਦ ਦਿੱਤੀ। ਮੋਰਚੇ ਵਲੋਂ ਸਾਰੇ ਹੀ ਪਿੰਡਾਂ, ਸੰਸਥਾਵਾਂ , ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਚਾਹ, ਪਰਸ਼ਾਦਿਆ ,ਪਾਣੀ ,ਚੋਲਾਂ ਦੇ ਲੰਗਰ ਲਈ ਵਿਤੋਂ ਵਧ ਯਤਨ ਜੁਟਾਏ। ਇਸ ਸਮੇਂ ਅਪਣੇ ਸੰਬੋਧਨ ਚ ਬੁਲਾਰਿਆਂ ਨੇ ਜੀ ਟੀ ਰੋਡ ਅਤੇ ਰੇਲਵੇ ਟਰੈਕ ਦੇ ਧਰਨੇ ਚ ਰਿਕਾਰਡ ਤੋੜ ਹਾਜਰੀ ਅਤੇ ਪ੍ਰਬੰਧਾਂ ਤੇ ਤਸੱਲੀ ਜਾਹਰ ਕੀਤੀ।ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ, ਤਰਸੇਮ ਸਿੰਘ ਬਸੂਵਾਲ ,ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਬੀਤੇ ਕਲ ਪੰਜਾਬ ਭਰ ਦੇ ਸਾਰੇ ਮੋਰਚਿਆਂ ਚ ਕਿਸਾਨਾਂ ਮਜਦੂਰਾਂ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀ ਵਧਾਈ ਸਾਂਝੀ ਕਰਦਿਆਂ ਉਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ। ਲੋਕ ਆਗੂ ਕੰਵਲਜੀਤ ਖੰਨਾ ਨੇ ਪੰਜਾਬ ਕਾਂਗਰਸ ਚ ਇਕ ਵੇਰ ਫਿਰ ਤਿੱਖੇ ਹੋਏ ਕੁਰਸੀ ਵਿਵਾਦ ਨੂੰ ਪੂੰਜੀਵਾਦੀ ਮੌਕਾਪ੍ਰਸਤ ਸਿਆਸਤ ਦਾ ਲਾਜਮੀ ਸਿੱਟਾ ਕਰਾਰ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਅਪਣੇ ਸੰਬੋਧਨ ਚ ਮਜਦੂਰ ਵਰਗ ਦੀਆਂ ਮੰਗਾਂ ਅਤੇ ਸਰਕਾਰ ਨਾਲ ਚਲ ਰਹੀ ਗੱਲਬਾਤ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜਬੂਰ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਪਾਵਰਕਾਮ ਵਲੋਂ ਪਿੰਡਾਂ ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਨਾ ਲਗਣ ਦੇਣ ਲਈ ਜਦੋਜਹਿਦ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।ਇਸ ਸਮੇਂ ਧਰਮ।ਸਿੰਘ ਸੂਜਾਪੁਰ,ਹਰਚੰਦ ਸਿੰਘ ਢੋਲਣ,ਗੁਰਬਖਸ਼ ਸਿੰਘ ਕੋਠੇ ਸ਼ੇਰਜੰਗ, ਜਗਦੀਸ਼ ਸਿੰਘ, ਦਲਜੀਤ ਸਿੰਘ ਰਸੂਲਪੁਰ, ਸਮਸ਼ੇਰ ਸਿੰਘ ਮਲਕ, ਮਦਨ ਸਿੰਘ , ਕੁੰਡਾ ਸਿੰਘ ਕਾਊਂਕੇ ਆਦਿ ਸ਼ਾਮਲ ਸਨ।