You are here

ਤੁਸੀ ਹੀ ਦੱਸੋ ਕੀ ਅਜ਼ਾਦ ਹਾਂ ਮੈਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੰਨ 1947 ਤੋਂ ਲੈਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ ।
ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ।ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ ।ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।
ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ ਗਿਣਤੀ26 ਵੱਖ ਨੂੰ ਪੁੱਜ ਗਈ।ਵਰਤਮਾਨ ਸਮੇਂ ਤਾਂ ਬੇਰੁਜ਼ਗਾਰਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ।ਸਾਡੀ ਸਿੱਖਿਅਤ ਨੌਜਵਾਨ ਪੀੜੀ ਲੱਖਾਂ ਪੈਸੇ ਲਾ ਕੇ ਉਚੇਰੀਆਂ ਡਿਗਰੀਆਂ ਪ੍ਰਾਪਤ ਕਰਕੇ ਅੱਜ ਲੋਕ-ਤੰਤਰੀ ਦੇਸ਼ ਵਿੱਚ ਸੜਕਾਂ ਉੱਪਰ ਧਰਨੇ ਦੇਣ ਲਈ ਮਜਬੂਰ ਹੈ ।ਆਪਣੇ ਹੱਕਾਂ ਲਈ ਆਪਣੇ ਹੱਕ ਦੇ ਰੁਜ਼ਗਾਰ ਲਈ ਲੋਕ-ਤੰਤਰੀ ਸਰਕਾਰ ਨੂੰ ਜਗਾ ਰਹੀ ਹੈ ਕਿ ਉਸਦੇ ਦੇਸ਼ ਦਾ ਆਉਣ ਵਾਲਾ ਭਵਿੱਖ (ਬੇਰੁਜ਼ਗਾਰ ਅਧਿਆਪਕ ਵਰਗ ) ਅੱਜ ਸੜਕਾਂ ‘ਤੇ ਬੈਠਾ ਹੋਇਆਂ ਹੈ।ਇਹ ਸਭ ਦੇਖ ਕੇ ਵੀ ਸਰਕਾਰ ਵੱਲੋ ਘਰ-ਘਰ ਰੁਜ਼ਗਾਰ ਦਾ ਕੀਤਾ ਹੋਇਆਂ ਵਾਅਦਾ ਵੀ ਯਾਦ ਨਹੀਂ ਆ ਰਿਹਾ ।ਪਿਛਲੇ ਮਹੀਨੇ ਤੋਂ ਮਨੀਸ ਵੀਰ ਜੋ ਸੰਗਰੂਰ ਵਿਖੇ ਸਮਾਜਿਕ ਸਿੱਖਿਆ ,ਪੰਜਾਬੀ ,ਹਿੰਦੀ ਦੀਆਂ 9000 ਪੋਸਟਾਂ ਦੀ ਮੰਗ ਲਈ ਟੈਂਕੀ ਉੱਪਰ ਬੈਠਿਆ ਹੋਇਆਂ ਹੈ।ਕਿਸੇ ਦਾ ਵੀ ਉਸ ਵੱਲ ਕੋਈ ਧਿਆਨ ਨਹੀ ਹੈ।ਨਾ ਹੀ ਕੋਈ ਭਰੋਸਾ ਦਿਵਾਇਆ ਗਿਆ ਹੈ।ਜ਼ਰ੍ਹਾ ਸੋਚੋ ਲੋਕਾਂ ਦੁਆਰਾਂ ਹੀ ਲੋਕਾਂ ਲਈ ਚੁਣੀ ਗਈ ਲੋਕ-ਤੰਤਰੀ ਸਰਕਾਰ ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ । ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੂੰਮ ਰਹੇ ਸਨ।ਦੇਸ ਦੀ ਤਾਕਤ ਨੌਜਵਾਨ ਪੀੜੀ ਹੁੰਦੀ ਹੈ।ਕਿਹਾ ਜਾਂਦਾ ਹੈ ਕਿ ਇੱਕ ਸਿੱਖਿਅਤ ਵਿਅਕਤੀ ਹੀ ਦੇਸ ਦੀ ਤਰੱਕੀ ਦਾ ਰਾਹ ਤੇ ਆਉਣ ਵਾਲੇ ਸਮੇਂ ਦਾ ਭਵਿੱਖ ਹੁੰਦਾ ਹੈ।ਪਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਅੱਜ ਦਾ ਸਿੱਖਿਅਤ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਜੋ ਕਿ ਖ਼ਤਰਾ ਮਹਿਸੂਸ ਕਰ ਰਿਹਾ ਹੈ ਨੌਕਰੀ ਦਾ ਹੱਕਦਾਰ ਹੋਣ ਦੇ ਬਾਵਜੂਦ ਵੀ ਜੋ ਥਾਂ-ਥਾਂ ਤੇ ਠੇਡੇ ਖਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਧੱਕੇ ਦਾ ਸ਼ਿਕਾਰ ਹੋ ਰਿਹਾ ਹੈ।ਪੜ ਲਿਖ ਕੇ ਡਿਗਰੀਆਂ ਨੂੰ ਇੱਕ ਕਾਗ਼ਜ਼ ਦੇ ਰੂਪ ਵਿੱਚ ਹੱਥਾਂ ਵਿੱਚ ਲੈਕੇ ਘੁੰਮ ਰਿਹਾ ਹੈ ਇੰਝ ਲੱਗਦਾ ਹੈ ਕਿ ਜਿਵੇ ਇਹਨਾਂ ਦਾ ਕੋਈ ਮੁੱਲ ਨਹੀਂ ਸਿਰਫ ਇੱਕ ਕੋਰੇ ਕਾਗ਼ਜ਼ ਦੀ ਤਰ੍ਹਾਂ ਹਨ ।ਅਜਿਹਾ ਕਿਓ ਹੋ ਰਿਹਾ ਹੈ ਕਿਉਂਕਿ ਸਾਡੇ ਦੁਆਰਾਂ ਚੁਣੀ ਗਈ ਲੋਕ-ਤੰਤਰੀ ਸਰਕਾਰ ਪੜੇ ਲਿਖੇ ਵਰਗ ਵੱਲ ਧਿਆਨ ਨਹੀਂ ਦੇ ਰਹੀ ।ਜਿਸ ਤਰ੍ਹਾਂ ਵੋਟਾਂ ਵੇਲੇ ਧਿਆਨ ਦਿੱਤਾ ਜਾਂਦਾ ਹੈ ਜੇਕਰ ਓਸੇ ਤਰ੍ਹਾਂ ਸੱਤਾ ਵਿੱਚ ਆਉਣ ਤੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਅੱਜ ਦਾ ਹਰ ਇੱਕ ਸਿੱਖਿਅਤ ਵਿਦਿਆਰਥੀ ਆਪਣੀ ਰੋਜੀ ਰੋਟੀ ਕਮਾ ਰਿਹਾ ਹੁੰਦਾ ਨਾ ਕਿ ਸੜਕਾਂ ਤੇ ਰੁਲ ਰਿਹਾ ਹੁੰਦਾ ।ਅਜਿਹੇ ਹਾਲਾਤ ਦੇਖ ਕੇ ਮੇਰੀ ਕਲਮ ਅੱਜ ਵੀ ਸਤਿਗੁਰ ਨਾਨਕ ਜੀ ਨੂੰ ਪੁਕਾਰ ਰਹੀ ਹੈ

ਭੁੱਖਮਰੀ ,ਬੇਰੁਜ਼ਗਾਰੀ ਪੈ ਗਈ ਵਿੱਚ ਜ਼ਮਾਨੇ ਦੇ ,
ਮਿੱਠਾ-ਮਿੱਠਾ ਰਾਗ ਨਾ ਛੇੜੇ ਕੋਈ ਵਾਂਗ ਮਰਦਾਨੇ ਦੇ ,
ਵਿੱਚੋਂ ਖਾਲ਼ੀ ਖਿੱਦੋਆ,ਪਾਟੀਆਂ ਲੀਰਾਂ ਨੇ ,
ਸਤਿਗੁਰ ਨਾਨਕ ਆਜਾ ਪੈ ਗਈਆਂ ਜੱਗ ‘ਤੇ ਪੀੜਾਂ ਨੇ ।

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਅਧਿਆਪਕ ਭਰਤੀ ਨਹੀਂ ਕੀਤੀ ਗਈ ।ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਹਰ ਸਾਲ ਹੋਣਾ ਚਾਹੀਦਾ ਹੈ ।
ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ।ਮਾਸਟਰ ਕਾਡਰ ਪੰਜਾਬੀ ,ਸਮਾਜਿਕ ਸਿੱਖਿਆ ,ਹਿੰਦੀ ਆਦਿ ਵਿਸ਼ਿਆਂ ਵੱਲ ਕੋਈ ਧਿਆਨ ਨਹੀਂ ।ਇਹਨਾਂ ਵਿਸ਼ਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਓ ਕੀਤਾ ਜਾ ਰਿਹਾ ਹੈ। ਕੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀ ਲੋੜ ਨਹੀਂ। ਇਨ੍ਹਾਂ ਮੰਗਾਂ ਨੂੰ ਲੈਕੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਵਾਰ ਵਾਰ ਆਪਣੇ ਹੱਕਾਂ ਲਈ ਧਰਨੇ ਦਿੱਤੇ ਜਾ ਰਹੇ ਹਨ ਤਾ ਜੋ ਸਰਕਾਰ ਨੂੰ ਜਾਣੂ ਕਰਵਾਇਆਂ ਜਾ ਸਕੇ ਕਿ ਪੜਿਆ ਲਿਖਿਆਂ ਵਰਗ ਬੇਰੁਜ਼ਗਾਰ ਹੈ।
ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੇ ਗਏ ਹਨ।ਜਿੰਨਾਂ ਤੋਂ ਬੇਰੁਜ਼ਗਾਰ ਅਧਿਆਪਕ ਵਰਗ ਨੂੰ ਬਹੁਤ ਉਮੀਦਾਂ ਹਨ ।ਅਸੀਂ ਆਸ ਕਰਦੇ ਹਾਂ ਕਿ ਉਹ ਬੇਰੁਜ਼ਗਾਰ ਅਧਿਆਪਕਾਂ ਵੱਲ ਧਿਆਨ ਦੇਣਗੇ ਤੇ ਪੰਜਾਬੀ ,ਸਾਮਾਜਿਕ ਸਿੱਖਿਆ ,ਹਿੰਦੀ ਵਿਸ਼ਿਆਂ ਨਾਲ ਇਨਸਾਫ਼ ਹੋਵੇਗਾ।ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਜਲਦ ਹੀ ਜਾਰੀ ਕਰਨਗੇ।ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ।ਨੌਜਵਾਨ ਸਿੱਖਿਅਤ ਵਰਗ ਨੂੰ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ।

ਗਗਨਦੀਪ ਧਾਲੀਵਾਲ ।