ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁੱਤ ਸਥਾਪਤ ਸਮਾਗਮ ਦੌਰਾਨ ਆਪਣੇ ਭਾਸ਼ਨ ਚ ਸਾਰਾਗੜ੍ਹੀ ਲੜਾਈ ਦੀ ਤੁਲਨਾ ਚਮਕੌਰ ਸਾਹਿਬ ਦੀ ਜੰਗ ਨਾਲ ਕਰਨ ਤੇ ਹੋਇਆ ਇਤਰਾਜ਼
ਬਰਮਿੰਘਮ 14 ਸਤੰਬਰ ( ਗਿਆਨੀ ਅਮਰੀਕ ਸਿੰਘ ਰਠੌਰ )- ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਚ ਬੁੱਤ ਸਥਾਪਤ ਉਦਘਾਟਨ ਮੌਕੇ ਗੁਰੂ ਨਾਨਕ ਗੁਰਦੁਆਰਾ ਵੈਨਿਸਫੀਲਡ ਵਿਖੇ ਭਾਸ਼ਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੋਲੇ ਸ਼ਬਦਾਂ 'ਤੇ ਸਿੱਖ ਆਗੂ ਪ੍ਰਮਿੰਦਰ ਸਿੰਘ ਬੱਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਹੇਠ ਗੁਰਬਾਣੀ ਦੀਆਂ ਤੁਕਾਂ ਲਿਖਣ ਕਾਰਨ ਬੇਅਦਬੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰਾ ਗੜ੍ਹੀ ਦੀ ਲੜਾਈ ਦੀ ਲੜਾਈ ਨੂੰ ਚਮਕੌਰ ਸਾਹਿਬ ਦੀ ਜੰਗ ਨਾਲ ਜੋੜ ਨਾ ਵੀ ਵੱਡੀ ਭੁੱਲ ਹੈ ਕਿਉਂਕਿ ਚਮਕੌਰ ਸਾਹਿਬ ਦੀ ਜੰਗ 'ਚ ਸਰਬੰਸ ਦਾਨੀ ਸ੍ਰੀ ਗੁਰੂ ਗਬਿੰਦ ਸਿੰਘ ਜੀ ਆਪਣੇ ਦੋ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਨਾਲ ਖੁਦ ਅਗਵਾਈ ਕਰ ਰਹੇ ਸਨ ਅਤੇ ਬਾਹਰ ਮੁਗਲ ਫੌਜ ਦਾ ਘੇਰਾ ਸੀ। ਸਾਰਾਗੜ੍ਹੀ ਦੀ ਜੰਗ ਦਾ ਬ੍ਰਿਟਿਸ਼ ਕਮਾਂਡਰ ਬ੍ਰਿਗੇਡੀਅਰ ਜਨਰਲ ਸਰ ਵਿਲੀਅਮ ਲੌਕਹਾਰਟ ਅਧੀਨ ਸਾਰਾਗੜ੍ਹੀ ਦੇ ਸਿੱਖ ਸਿਪਾਹੀ ਤਨਖਾਹਦਾਰ ਵਜੋਂ ਨੌਕਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਮਰਾਜ ਅਤੇ ਮੁਗਲ ਫੌਜਾਂ ਸਿੱਖਾਂ ਨੂੰ ਗੁਲਾਮ ਰੱਖਣ ਅਤੇ ਖ਼ਤਮ ਕਰਨ ਦੀ ਨੀਯਤ ਲਈ ਹੀ ਸਨ ਪਰ ਦਸ਼ਮੇਸ਼ ਪਿਤਾ ਦੇ ਦੋ ਸਾਹਿਬਜ਼ਾਦੇ ਅਤੇ ਚਾਲੀ ਸਿੱਖ ਚਮਕੌਰ ਦੀ ਗੜ੍ਹੀ ਅੰਦਰ ਕਿਸੇ ਪੱਖੋਂ ਤਨਖਾਹਦਾਰ ਨਹੀਂ ਸਨ। ਦੋਵੇਂ ਯੁੱਧਾਂ ਦੀ ਤੁਲਨਾ ਕਰਨਾ ਕਦਾਚਿਤ ਵੀ ਠੀਕ ਨਹੀਂ ਹੈ। ਸਿੱਖ ਫੈਡਰੇਸ਼ਨ ਪ੍ਰਧਾਨ ਪ੍ਰਮਿੰਦਰ ਸਿੰਘ ਬਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਚਿੱਠੀ ਵੀ ਲਿਖੀ ਹੈ ਜਿਸ ਦੀ ਕਾਪੀ ਅਸੀਂ ਫੁੱਟ ਵਿੱਚ ਲਗਾ ਰਹੇ ਹਾਂ । ਦੂਜੇ ਪਾਸੇ ਗੁਰੂ ਘਰ ਦੇ ਸਟੇਜ ਸਕੱਤਰ ਪਰਮਜੀਤ ਸਿੰਘ ਢਾਡੀ ਨੇ ਕਿਹਾ ਕਿ ਸਿੰਘ ਸਾਹਿਬ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦ ਕਿ ਸਿੰਘ ਸਾਹਿਬ ਨੇ ਦੋਵੇਂ ਯੁੱਧਾਂ ਦੀ ਕੋਈ ਤੁਲਨਾ ਨਹੀਂ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤਕ ਬੁੱਤ ਉੱਪਰ ਲਿਖੀਆਂ ਗਈਆਂ ਬਾਣੀ ਦੀਆਂ ਪੰਕਤੀਆਂ ਨੂੰ ਹਟਾ ਦਿੱਤਾ ਗਿਆ ਹੈ ।