ਲਿਓਨ ਮੈਸੀ ਸਭ ਤੋਂ ਵਧ ਗੋਲਾਂ ਦੇ ਮਾਮਲੇ 'ਚ ਦੱਖਣੀ ਅਮਰੀਕਾ ਦੇ ਬਣੇ ਕਿੰਗ
ਲੰਡਨ , 10 ਸਤੰਬਰ (ਜਨ ਸ਼ਕਤੀ ਨਿਊਜ਼ ਬਿਊਰੋ ) ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨ ਮੈਸੀ ਆਪਣੇ ਜ਼ਮਾਨੇ ਦੇ ਦਿੱਗਜ ਪੇਲੇ ਦਾ 50 ਸਾਲਾ ਪੁਰਾਣਾ ਰਿਕਾਰਡ ਤੋੜ ਕੇ ਅੰਤਰਰਾਸ਼ਟਰੀ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੱਖਣੀ ਅਮਰੀਕੀ ਖਿਡਾਰੀ ਬਣ ਗਏ ਹਨ। 34 ਸਾਲਾ ਮੈਸੀ ਨੇ ਅਰਜਨਟੀਨਾ ਵੱਲੋਂ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਸ਼ਾਨਦਾਰ ਹੈਟਿ੍ਕ ਬਣਾਈ ਜਿਸ ਕਾਰਨ ਉਨ੍ਹਾਂ ਦੀ ਟੀਮ ਨੇ ਬੋਲੀਵੀਆ 'ਤੇ 3-0 ਨਾਲ ਜਿੱਤ ਦਰਜ ਕੀਤੀ। ਇਸ ਹੈਟਿ੍ਕ ਦੇ ਨਾਲ ਹੁਣ ਉਨ੍ਹਾਂ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 79 'ਤੇ ਪੁੱਜ ਗਈ ਹੈ ਜੋ ਪੇਲੇ (77) ਤੋਂ ਦੋ ਵੱਧ ਹਨ। ਇਸ ਸੂਚੀ ਵਿਚ ਮੈਸੀ ਹੁਣ ਪੰਜਵੇਂ ਸਥਾਨ 'ਤੇ ਆ ਗਏ ਹਨ ਜਦਕਿ 111 ਅੰਤਰਰਾਸ਼ਟਰੀ ਗੋਲਾਂ ਦੇ ਨਾਲ ਚੋਟੀ 'ਤੇ ਕ੍ਰਿਸਟੀਆਨੋ ਰੋਨਾਲਡੋ ਕਾਇਮ ਹਨ। ਮੈਸੀ ਨੇ ਅਰਜਨਟੀਨਾ ਵੱਲੋਂ 153 ਮੈਚ ਖੇਡੇ ਹਨ ਜਦਕਿ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ਵਿਚ 77 ਗੋਲ ਕੀਤੇ ਸਨ। ਪੇਲੇ ਨੇ ਆਪਣਾ ਆਖ਼ਰੀ ਮੈਚ ਜੁਲਾਈ 1971 ਵਿਚ ਖੇਡਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮੈਚ ਵਿਚ ਬ੍ਰਾਜ਼ੀਲ ਨੇ ਨੇਮਾਰ ਦੀ ਸ਼ਾਨਦਾਰ ਖੇਡ ਨਾਲ ਪੇਰੂ ਨੂੰ 2-0 ਨਾਲ ਹਰਾਇਆ। ਜੋ ਉਸ ਦੀ ਅੱਠ ਮੈਚਾਂ ਵਿਚ ਅੱਠਵੀਂ ਜਿੱਤ ਹੈ। ਬ੍ਰਾਜ਼ੀਲ ਦੇ 24 ਅੰਕ ਹਨ ਤੇ ਅਰਜਨਟੀਨਾ 18 ਅੰਕ ਲੈ ਕੇ ਦੂਜੇ ਸਥਾਨ 'ਤੇ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਅੱਠ-ਅਠ ਮੈਚ ਖੇਡ ਲਏ ਹਨ। ਉਰੂਗੁਏ ਤੀਜੇ ਸਥਾਨ 'ਤੇ ਹੈ। ਉਸ ਨੇ ਇਕ ਹੋਰ ਮੈਚ ਵਿਚ ਇਕਵਾਡੋਰ ਨੂੰ 1-0 ਨਾਲ ਹਰਾਇਆ। ਦੱਖਣੀ ਅਮਰੀਕੀ ਕੁਆਲੀਫਾਇਰਜ਼ ਵਿਚ ਸਿਖ਼ਰ 'ਤੇ ਰਹਿਣ ਵਾਲੀਆਂ ਚਾਰ ਟੀਮਾਂ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਸਿੱਧਾ ਪ੍ਰਵੇਸ਼ ਕਰਨਗੀਆਂ।