ਆਮ ਤੌਰ 'ਤੇ ਸੰਸਾਰ ਵਿੱਚ ਮਨੁੱਖ ਦੀਆਂ ਤਿੰਨ ਕਿਸਮਾਂ ਹਨ, ਜਿਨ੍ਹਾਂ ਵਿੱਚ ਇੱਕ ਔਰਤ, ਦੂਜੀ ਮਰਦ ਅਤੇ ਤੀਜੀ ਕਿੰਨਰ ਹੈ, ਪਰ ਇਨ੍ਹਾਂ ਮਨੁੱਖਾਂ ਵਿਚ ਤਿੰਨ ਹੋਰ ਕਿਸਮ ਦੇ ਮਨੁੱਖ ਹੁੰਦੇ ਹਨ ਜਿਨ੍ਹਾਂ ਵਿਚ :-
-ਪਹਿਲੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਨਾ ਤਾਂ ਕਿਸੇ ਦਾ ਨੁਕਸਾਨ ਕਰਦੇ ਹਨ ਅਤੇ ਨਾ ਹੀ ਕਿਸੇ ਦਾ ਫਾਇਦਾ ਕਰਦੇ ਹਨ, ਬਸ ਆਪਣੇ ਆਪ ਵਿੱਚ ਰਹਿੰਦੇ ਹੋਏ, ਸਰਲ ਜੀਵਨ ਬਤੀਤ ਕਰਦੇ ਹਨ। ਇਸ ਕਿਸਮ ਦੇ ਮਨੁੱਖ ਸ਼ਰੀਫ ਅਤੇ ਮਸਤ ਮੌਲਾ ਕਿਸਮ ਦੇ ਮਨੁੱਖ ਹੁੰਦੇ ਹਨ।
-ਦੂਜੀ ਕਿਸਮ ਦੇ ਉਹ ਮਨੁੱਖ ਹੁੰਦੇ ਹਨ, ਜਿਹੜੇ ਸਵੇਰੇ ਉੱਠ ਕੇ ਇਹ ਸੋਚਦੇ ਹਨ ਕਿ ਅੱਜ ਕਿੰਨੇ ਮਨੁੱਖਾਂ ਦਾ ਭਲਾ ਕਰਨਾ ਹੈ। ਇਸ ਕਿਸਮ ਦੇ ਮਨੁੱਖ ਹੰਕਾਰ ਰਹਿਤ ਹੁੰਦੇ ਹਨ। ਉਹ ਆਪਣਾ ਕੰਮ ਕਰਨ ਵਿਚ ਮੁਹਾਰਤ ਰੱਖਦੇ ਹਨ ਅਤੇ ਹੱਥੀਂ ਕਿਰਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਹਨ, ਨੇਕ ਕਮਾਈ ਕਰਦੇ ਹਨ। ਦੂਜਿਆਂ ਦਾ ਭਲਾ ਕਰਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਜਿਹੇ ਮਨੁੱਖ ਵਿਲੱਖਣ ਸੋਚ ਦੇ ਧਾਰਨੀ ਹੁੰਦੇ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਪਿਆਰ ਅਤੇ ਸਤਿਕਾਰ ਕਰਦੇ ਹਨ, ਕਿਉਂਕਿ ਅਜਿਹੇ ਮਨੁੱਖ ਸਮਾਜ ਦੀ ਬਿਹਤਰੀ ਲਈ ਰਾਹ ਦਿਸੇਰਾ ਬਣਦੇ ਹਨ ਅਤੇ ਸਮਾਜ ਲਈ ਵਰਦਾਨ ਸਾਬਤ ਹੁੰਦੇ ਹਨ।
-ਤੀਜੀ ਕਿਸਮ ਦੇ ਮਨੁੱਖ ਜਹਿਰੀਲੇ ਸੱਪ ਵਰਗੇ ਹੁੰਦੇ ਹਨ, ਜਿਹੜੇ ਰਾਤ ਵੇਲੇ ਸੌਣ ਤੋਂ ਪਹਿਲਾਂ ਇਹ ਸੋਚ ਕੇ ਸੌਂਦੇ ਹਨ ਕਿ ਸਵੇਰੇ ਉੱਠ ਕੇ ਕਿੰਨੇ ਮਨੁੱਖਾਂ ਦਾ ਘਾਣ ਕਰਨਾ ਹੈ, ਕਿਸ ਨੂੰ ਜਲੀਲ ਕਰਨਾ, ਸੱਪ ਵਾਂਗ ਡੱਸਕੇ ਕਿੰਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ, ਕਿੰਨੇ ਮਨੁੱਖਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਦਬਾਉਣਾ ਜਾਂ ਫਿਰ ਬਲੈਕਮੇਲ ਕਰਕੇ ਜਾਂ ਡਰਾਕੇ ਉਨ੍ਹਾਂ ਦੀ ਜੇਬ ਵਿਚੋਂ ਪੈਸੇ ਕਢਵਾਉਣੇ ਹਨ, ਠੱਗੀ ਮਾਰਨੀ ਹੈ ਅਤੇ ਕਿੰਨੇ ਲੋਕਾਂ ਦਾ ਕੰਮ ਖਰਾਬ ਕਰਨਾ ਹੈ ਅਤੇ ਖੀਰ ਵਿਚ ਮਿੱਟੀ ਪਾਉਣੀ ਹੈ । ਅਜਿਹੇ ਮਨੁੱਖ ਮੂੰਹ ਦੇ ਮਿੱਠੇ ਹੁੰਦੇ ਹਨ, ਪਰ ਦੂਜਿਆਂ ਲਈ ਖੂਹ ਪੁੱਟਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਲਾਲਚੀ ਇੰਨੇ ਹੁੰਦੇ ਹਨ, ਉਹ ਜਿਸ ਥਾਲੀ ਵਿਚ ਖਾਂਦੇ ਹਨ, ਉਥੇ ਹੀ ਛੇਕ ਕਰੀ ਜਾਂਦੇ ਹਨ, ਪਰ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ, ਉਹ ਹੀ ਸਭ ਤੋਂ ਵੱਧ ਸਿਆਣੇ ਹਨ, ਬਾਕੀ ਸੱਭ ਮੂਰਖ ਹਨ, ਅਜਿਹੇ ਮਨੁੱਖ ਮਨੁੱਖ ਨਾ ਹੋ ਕੇ ਪਸ਼ੂ ਹੁੰਦੇ ਹਨ, ਪਸ਼ੂ ਬਿਰਤੀ ਵਾਲੇ ਮਨੁੱਖਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਆਪਣੇ ਕੰਮ ਵਿਚ ਤਾਂ ਨਖਿੱਧ ਹੁੰਦੇ ਹਨ, ਪਰ ਠੱਗੀਆਂ ਮਾਰਕੇ, ਹੋਰਨਾਂ ਦੀਆਂ ਚੁਗਲੀਆਂ ਕਰਕੇ ਅੱਗੇ ਵਧਣ ਲਈ ਬਹੁਤ ਹੁਸ਼ਿਆਰ ਅਤੇ ਚਲਾਕ ਹੁੰਦੇ , ਉਨ੍ਹਾਂ ਦਾ ਕਿੱਤਾ ਅਤੇ ਧਰਮ ਦੂਜਿਆਂ ਨਾਲ ਧੋਖਾਧੜੀ ਕਰਨਾ ਅਤੇ ਠੱਗੀ ਮਾਰਨਾ ਹੀ ਹੁੰਦਾ ਹੈ। ਉਹ ਆਪਣੀਆਂ ਵਲ-ਫਰੇਬ ਅਤੇ ਸਾਜਿਸ਼ ਭਿੱਜੀਆਂ ਗੱਲਾਂ ਨੂੰ ਹਰ ਰੋਜ ਨਵਾਂ ਰੂਪ ਦੇਣ ਲਈ ਪਾਲਿਸ਼ ਕਰਕੇ ਪੇਸ਼ ਕਰਦੇ ਹਨ ਅਤੇ ਆਪਣੀ ਝੂਠੀ ਗੱਲ ਨੂੰ ਸਹੀ ਬਣਾਉਣ ਲਈ ਆਪਣੇ ਨਾਲ ਰੱਖੇ 'ਜਮੂਰਿਆਂ' ਕੋਲੋਂ 'ਹਾਂ' ਵਿਚ 'ਹਾਂ' ਕਰਵਾਉਂਦੇ ਹਨ, ਹਾਲਾਂਕਿ ਇਹ 'ਜਮੂਰੇ' ਵੀ ਹਰ ਰੋਜ ਕਾਫਰ ਮਨੁੱਖ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਹਨ। ਦਗੇਬਾਜ ਮਨੁੱਖ ਦੀ ਲਪੇਟ ਵਿਚ ਆਏ ਉਸ ਦੇ ਜਮੂਰੇ ਅਕਸਰ ਮਾਨਸਿਕ ਅਤੇ ਆਰਥਿਕ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ, ਪਰ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੁੰਦੀ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ ਆਉਂਦਾ ਹੈ, ਤੇ ਜਦੋਂ ਅਜਿਹੇ ਮਨੁੱਖਾਂ ਦੇ ਜੁੱਤੀਆਂ ਪੈਂਦੀਆਂ ਹਨ ਤਾਂ ਜੁੱਤੀਆਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਠੱਗ ਮਨੁੱਖ ਦੀ ਮੌਤ ਵੀ ਬਹੁਤ ਦਰਦਨਾਕ ਢੰਗ ਨਾਲ ਹੁੰਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਜਿਹੇ ਮਨੁੱਖਾਂ ਦਾ ਹਸ਼ਰ ਅਤੇ ਅੰਤ ਬਹੁਤ ਬੁਰਾ ਹੁੰਦਾ ਹੈ, ਜਦੋਂ ਮੌਤ ਹੁੰਦੀ ਹੈ ਤਾਂ ਕੋਈ ਲਾਸ਼ ਲੈਣ ਲਈ ਵੀ ਤਿਆਰ ਨਹੀਂ ਹੁੰਦਾ। ਭੋਲੇ-ਭਾਲੇ ਲੋਕਾਂ ਨਾਲ ਜਿਆਦਾ ਲੰਬਾ ਸਮਾਂ ਨਾ ਤਾਂ ਠੱਗੀਆਂ ਮਾਰੀਆਂ ਜਾ ਸਕਦੀਆਂ ਹਨ, ਨਾ ਖਿਲਵਾੜ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਲੰਬਾ ਸਮਾਂ ਬੇਵਕੂਫ ਬਣਾਇਆ ਜਾ ਸਕਦਾ ਹੈ, ਕਿਉਂਕਿ 'ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ'। ਤੀਜੀ ਕਿਸਮ ਦੇ ਮਨੁੱਖ 'ਚਗਲ' ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਜਿੰਦਗੀ ਦਾ ਇੱਕੋ ਇੱਕ ਨਿਸ਼ਾਨਾ ਠੱਗੀਆਂ ਮਾਰਕੇ ਪੈਸੇ ਇਕੱਠੇ ਕਰਨਾ ਹੁੰਦਾ ਹੈ। ਉਹ ਪੈਸੇ ਦੇ ਲਾਲਚ ਵਿਚ ਇਸ ਹੱਦ ਤੱਕ ਡਿੱਗ ਜਾਂਦੇ ਹਨ, ਕਿ ਸੋਚਿਆ ਵੀ ਨਹੀਂ ਜਾ ਸਕਦਾ। ਸੋ ਅਜਿਹੇ ਘਟੀਆ ਪੱਧਰ ਦੇ ਮਨੁੱਖਾਂ ਤੋਂ ਦੂਰੀ ਬਣਾ ਕੇ ਰੱਖਣ ਵਿਚ ਹੀ ਭਲਾ ਹੁੰਦਾ ਹੈ। ਇਨ੍ਹਾਂ ਮਨੁੱਖਾਂ ਦੀ ਜਿੰਦਗੀ ਦਾ ਸਿਰਫ ਇਕ ਨਿਸ਼ਾਨਾ ਹੁੰਦਾ ਹੈ ਕਿ ਸਿੱਧੇ ਅਤੇ ਅਸਿੱਧੇ ਢੰਗ ਨਾਲ ਲੋਕਾਂ ਦੀ ਲੁੱਟ-ਖਸੁੱਟ ਕਰਕੇ ਕਾਰਾਂ - ਕੋਠੀਆਂ ਖਰੀਦਣੀਆਂ ਅਤੇ ਜਲਦੀ ਅਮੀਰ ਬਣਨ ਦੇ ਸੁਪਨੇ ਲੈਣੇ ਅਤੇ ਦੂਜੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਕੇ ਖੁਸ਼ੀ ਮਹਿਸੂਸ ਕਰਨਾ। ਅਜਿਹੇ ਮਨੁੱਖਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸਮਾਜ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।
-ਸੁਖਦੇਵ ਸਲੇਮਪੁਰੀ
09780620233
9 ਸਤੰਬਰ, 2021