You are here

ਚੋਣ ਵਾਅਦਾ ✍️. ਸਲੇਮਪੁਰੀ ਦੀ ਚੂੰਢੀ 

ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਵੋਟਰਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਜੇਕਰ ਤੁਸੀਂ ਸਾਡੀ "ਸੱਭ ਦਾ ਭਲਾ ਪਾਰਟੀ" ਨੂੰ ਚੋਣਾਂ ਦੌਰਾਨ ਕਾਮਯਾਬ ਕਰਦੇ ਹੋ ਤਾਂ ਸਾਡੀ ਪਾਰਟੀ ਰਾਜਸੱਤਾ ਸੰਭਾਲਦਿਆਂ ਹੀ ਤੁਹਾਡੇ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰੇਗੀ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਰੋਟੀ ਪਾਵਾਂਗੇ,  ਪਿਚਕਾਰੀਆਂ ਨਾਲ ਪਾਣੀ ਪਾਵਾਂਗੇ, ਤੁਹਾਨੂੰ ਹੱਥ - ਪੈਰ ਹਿਲਾਉਣ ਦੀ ਜਰੂਰਤ ਨਹੀਂ ਪਵੇਗੀ । ਅਸੀਂ ਤੁਹਾਨੂੰ ਕਣਕ-ਚੌਲ ਨਹੀਂ ਦੇਵਾਂਗਾ ਕਿਉਂਕਿ  ਕਣਕ ਪੀਣ ਲਈ ਤੁਹਾਨੂੰ ਚੱਕੀ ਉਪਰ ਜਾਣ ਦੀ ਖੇਚਲ ਕਰਨੀ ਪਵੇਗੀ ਅਤੇ ਫਿਰ ਰੋਟੀ ਬਣਾਉਣਾ ਪਵੇਗੀ, ਚੌਲ ਬਣਾਉਣ ਲਈ ਵੀ ਮਿਹਨਤ ਕਰਨੀ ਪਵੇਗੀ, ਜਿਸ ਦਾ ਅਸੀਂ ਝੰਜਟ ਖਤਮ ਕਰ ਦੇਵਾਂਗਾ। ਠੇਕੇ 'ਤੇ ਰੱਖੇ ਸਰਕਾਰੀ ਮੁਲਾਜ਼ਮ ਅਤੇ ਠੇਕੇਦਾਰ ਖੁਦ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਬੁਰਕੀਆਂ ਪਾਉਣਗੇ,   ਪਿਚਕਾਰੀਆਂ ਨਾਲ ਪਾਣੀ ਪਿਲਾਉਣਗੇ, ਜਾਣੀ ਕਿ ਤੁਹਾਡੀ ਜਿੰਦਗੀ ਨੂੰ ਪੂਰੀ ਤਰ੍ਹਾਂ ਸੁੱਖਮਈ ਬਣਾ ਦੇਵਾਂਗਾ, ਤੁਹਾਨੂੰ ਕੰਮ ਕਰਨ ਦੀ ਜਰੂਰਤ ਨਹੀਂ ਪਵੇਗੀ। ਹੋਰ ਤਾਂ ਹੋਰ ਤੁਹਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਵੀ ਨਹੀਂ ਪਵੇਗੀ ਅਤੇ ਨਾ ਹੀ ਪੜ੍ਹਕੇ ਨੌਕਰੀ ਲੱਭਣ ਦੀ ਜਰੂਰਤ ਪਵੇਗੀ ਕਿਉਂਕਿ ਨੌਕਰੀ ਦੀ ਭਾਲ ਵੀ ਵੀ ਅਸੀਂ "ਰੋਟੀ ਦੇ ਟੁੱਕ" ਲਈ ਹੀ ਕਰਦੇ ਹਾਂ, ਜਿਸ ਦਾ ਸਾਡੀ ਸਰਕਾਰ ਨੇ ਪਹਿਲਾਂ ਹੀ ਸਾਰੇ ਪਰਿਵਾਰ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰਕੇ ਰੱਖ ਦੇਣਾ ਹੈ। ਅਸੀਂ ਤੁਹਾਡੇ ਨਾਲ ਇਕ ਹੋਰ ਵਾਅਦਾ ਕਰਦੇ ਹਾਂ ਕਿ ਸਾਡੀ ਸਰਕਾਰ ਆਉਣ 'ਤੇ ਤੁਹਾਨੂੰ ਪਖਾਨੇ ਲਈ ਬਾਹਰ ਖੇਤਾਂ ਵਿਚ ਜਾਣ ਦੀ ਵੀ ਜਰੂਰਤ ਨਹੀਂ ਪਵੇਗੀ ਕਿਉਂਕਿ ਅਸੀਂ ਤੁਹਾਡੇ ਘਰਾਂ ਵਿਚ ਉਤਨੇ ਡੱਬੇ ਰੱਖ ਦੇਣ ਹਨ, ਜਿੰਨ੍ਹੇ ਪਰਿਵਾਰ ਦੇ ਜੀਅ ਹੋਣਗੇ, ਤੁਸੀਂ ਉਨ੍ਹਾਂ ਵਿਚ ਹੀ ਟੁੱਟੀ-ਪਿਸ਼ਾਬ ਕਰਿਓ , ਸਾਡੇ ਠੇਕੇਦਾਰ ਆਉਣਗੇ ਸ਼ਾਮ ਨੂੰ ਚੁੱਕ ਕੇ ਲਿਜਾਇਆ ਕਰਨਗੇ, ਜਿਹੜੇ ਲੋਕਾਂ ਦੇ ਘਰਾਂ ਵਿਚ ਫਲੱਸ਼ਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਠੇਕੇਦਾਰ ਖੁਦ ਸਾਫ ਕਰਨਗੇ। ਅਸੀਂ ਆਪ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਸੱਭ ਦੀ ਸਾਂਝੀ ਪਾਰਟੀ ਹੈ, ਇਸ ਪਾਰਟੀ ਵਿਚ ਉਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਹਨ, ਜਿਹੜੇ ਦੂਜੀਆਂ ਸਿਆਸੀ ਪਾਰਟੀਆਂ ਵਿਚੋਂ ਕੱਢੇ ਗਏ ਹਨ ਜਾਂ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟਾਂ ਨਹੀਂ ਦਿੱਤੀਆਂ, ਜਾਣੀ ਕਿ ਸਾਡੀ ਪਾਰਟੀ ਤਜਰਬੇਕਾਰ ਆਗੂਆਂ ਨੂੰ ਪਹਿਲ ਦੇ ਆਧਾਰ 'ਤੇ ਟਿਕਟ ਦੇਵੇਗੀ। ਸਾਡੀ ਪਾਰਟੀ ਉਨ੍ਹਾਂ ਆਗੂਆਂ ਨੂੰ  ਮਹੱਤਵਪੂਰਨ ਹਲਕਿਆਂ ਤੋਂ ਟਿਕਟ ਦੇਵੇਗੀ, ਜਿਨ੍ਹਾਂ ਦੇ ਚੋਟੀ ਦੇ ਗੈੰਗਸਟਰਾਂ, ਵੱਡੇ ਨਸ਼ਾ ਤਸਕਰਾਂ, ਵੱਡੇ ਬਦਮਾਸ਼ਾਂ, ਲਗਜ਼ਰੀ ਕਾਰਾਂ ਵਾਲੇ ਬਾਬਿਆਂ /ਸੰਤਾਂ /ਸਾਧਾਂ ਅਤੇ ਵੱਡੇ ਕਾਰੋਬਾਰੀਆਂ ਨਾਲ ਗੂੜ੍ਹੇ ਸਬੰਧ ਹੋਣਗੇ। ਸਾਡੀ ਪਾਰਟੀ ਇੱਕ  ਧਰਮ-ਨਿਰਪੱਖ ਪਾਰਟੀ ਹੈ, ਜਿਸ ਦਾ ਮੁੱਖ ਉਦੇਸ਼ ਸੱਭ ਦਾ ਭਲਾ ਕਰਨਾ ਹੈ।ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਡਾ ਚੋਣ ਵਾਅਦਾ ਦੂਜੀਆਂ ਸਿਆਸੀ ਪਾਰਟੀਆਂ ਦੀ ਤਰ੍ਹਾਂ 'ਠੁੱਸ' ਨਹੀਂ ਹੋਵੇਗਾ। ਅਸੀਂ ਜੋ ਕਹਿੰਦੇ ਹਾਂ , ਕਰਕੇ ਵਿਖਾਵਾਂਗੇ! 
ਜੈ ਕੁਰਸੀ! 
ਜਾਰੀ ਕਰਤਾ - ਮੁੱਖ ਬੁਲਾਰਾ
ਸੱਭ ਦਾ ਭਲਾ ਪਾਰਟੀ।
30 ਅਗਸਤ, 2021.