You are here

 ਇੰਝ ਵੀ ਹੁੰਦੈ! ✍️   ਸਲੇਮਪੁਰੀ ਦੀ ਚੂੰਢੀ 

ਐਤਵਾਰ ਦਾ ਦਿਨ ਸੀ, 22 ਅਗਸਤ, 2021 ਨੂੰ ਮੈਂ ਲੁਧਿਆਣਾ ਸ਼ਹਿਰ ਵਿੱਚ ਬਹੁਤ ਜਰੂਰੀ ਦੋ ਵੱਖ ਵੱਖ ਕੰਮਾਂ ਲਈ ਕਾਰ 'ਤੇ ਗਿਆ, ਮੇਰੇ ਨਾਲ ਮੇਰੀ ਜੀਵਨ ਸਾਥਣ ਪਰਮਜੀਤ ਕੌਰ ਐਡਮਿਨ ਆਫੀਸਰ ਵੀ ਸਨ। ਜਦੋਂ ਅਸੀਂ ਆਪਣੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਤੋਂ ਤੁਰੇ ਤਾਂ ਮੀਂਹ ਦੀ ਸੰਭਾਵਨਾ ਸੀ, ਮੌਸਮ ਬਹੁਤ ਹੀ ਮਨਮੋਹਕ ਬਣਿਆ ਹੋਇਆ ਸੀ। ਅਸੀਂ ਜਦੋਂ ਮਿਲਕ ਪਲਾਂਟ ਲਾਗੇ ਨਹਿਰ 'ਤੇ ਪਹੁੰਚੇ ਤਾਂ ਮੈਂ ਆਪਣੇ ਇਕ ਦੋਸਤ ਕੇਸ਼ਵ ਸੋਲੰਕੀ ਜੋ  ਗਣਿਤ ਵਿਸ਼ੇ ਦੇ ਇਕ ਉੱਤਮ ਅਧਿਆਪਕ ਹਨ, ਨੂੰ ਢੋਲੇਵਾਲ ਚੌਕ ਵਿਚ ਮੀਂਹ ਦੇ ਪਾਣੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੁੱਕਾ ਹੈ, ਪਾਣੀ ਨਹੀਂ ਖੜ੍ਹਾ, ਪਰ ਬੂੰਦਾਂ - ਬਾਂਦੀ ਹੋ ਰਹੀ ਹੈ। ਦੋਸਤ ਸੋਲੰਕੀ ਦੀ ਗੱਲ ਸੁਣ ਕੇ ਅਸੀਂ ਢੋਲੇਵਾਲ ਨੂੰ ਤੁਰ ਪਏ ਅਤੇ ਜਦੋਂ ਵਿਸ਼ਕਰਮਾ ਚੌਕ ਲਾਗੇ ਤਾਂ ਮੀਂਹ ਐਨੇ ਜੋਰ ਨਾਲ ਡਿੱਗਿਆ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੜਕ ਉਪਰ ਸਮੁੰਦਰ ਬਣ ਗਿਆ। ਪਾਣੀ ਵਿਚ ਚੱਲ ਦੀ ਸਾਡੀ ਕਾਰ ਹਟਕੋਰੇ ਭਰਨ ਲੱਗੀ, ਅਸੀਂ ਦੋਵੇਂ ਪ੍ਰੇਸ਼ਾਨ ਹੋਣ ਲੱਗੇ। ਅਸੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਵਿਚ ਜਾਣਾ ਸੀ, ਜਿਥੇ ਤਿੰਨ ਕਮਰਿਆਂ ਦੀਆਂ ਛੱਤਾਂ ਉਪਰ ਲੈਂਟਰ ਪੈਣਾ ਸੀ। ਸੜਕ ਉਪਰ ਬਣੇ ਸਮੁੰਦਰ ਨੇ ਸਾਡੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਢੋਲੇਵਾਲ ਚੌਕ ਪਾਰ ਕਰਕੇ ਸਕੂਲ ਜਾਣ ਦਾ ਪ੍ਰੋਗਰਾਮ ਛੱਡ ਕੇ ਸਕੂਲ ਦੇ ਬਾਹਰੋਂ ਹੀ ਵਾਪਸ ਜਗਰਾਓਂ ਪੁਲ ਨੂੰ ਕਾਰ ਮੋੜ ਲਈ। ਸੜਕ ਉਪਰ ਪਾਣੀ ਬੇਹੱਦ ਭਰਿਆ ਹੋਣ ਕਰਕੇ ਕਾਰ ਅੱਗੇ ਵਧਣ ਤੋਂ ਜੁਆਬ ਦਿੰਦੀ ਜਾ ਰਹੀ ਸੀ। ਹੌਲੀ-ਹੌਲੀ ਕਰਕੇ ਕਾਰ ਮੁੜ ਵਿਸ਼ਕਰਮਾ ਚੌਕ ਪਹੁੰਚ ਕੇ ਬੰਦ ਹੋ ਗਈ। ਅਸੀਂ ਉਥੇ 10 ਕੁ ਮਿੰਟ ਰੁਕੇ ਤਾਂ ਕਾਰ ਦੁਬਾਰਾ ਸਟਾਰਟ ਹੋ ਗਈ, ਪਰ ਹਟਕੋਰੇ ਭਰ ਰਹੀ। ਜਿਊ ਹੀ ਅਸੀਂ ਰਾਮਗੜ੍ਹੀਆ ਸਕੂਲ ਕੋਲ ਪਹੁੰਚੇ ਤਾਂ ਕਾਰ ਫਿਰ ਬੰਦ ਹੋ ਗਈ, ਉਤੋਂ ਮੀਂਹ ਵੀ ਪੂਰੇ ਜੋਰਾਂ ਦਾ ਵਧ ਰਿਹਾ ਸੀ। ਮੈਂ ਜੁੱਤੀਆਂ - ਜੁਰਾਬਾਂ ਉਤਾਰ ਕੇ ਕਾਰ ਵਿਚ ਰੱਖ ਦਿੱਤੀਆਂ ਅਤੇ ਕਾਰ ਚੋੰ ਬਾਹਰ ਨਿਕਲ ਕੇ ਕਾਰ ਨੂੰ ਧੱਕਾ ਲਗਾ ਕੇ ਇੱਕ ਪਾਸੇ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਸਾਂ ਕਿ , ਇਨੇ ਨੂੰ ਕਾਰ ਦੇ ਅੱਗੇ ਆ ਕੇ ਇਕ ਭੱਦਰ ਪੁਰਸ਼ ਨੇ ਆਪਣੀ ਵੱਡ-ਅਕਾਰੀ ਕਾਰ ਆ ਕੇ ਰੋਕ ਲਈ ਅਤੇ ਉਹ ਛੱਤਰੀ ਲੈ ਕੇ ਕਾਰ ਚੋਂ ਬਾਹਰ ਨਿਕਲਿਆ ਅਤੇ ਉਸ ਨੇ ਮੇਰੇ ਸਿਰ ਉਪਰ ਛੱਤਰੀ ਕਰਕੇ ਕਾਰ ਨੂੰ ਧੱਕਾ ਮਾਰ ਕੇ ਸੜਕ ਦੇ ਇਕ ਪਾਸੇ ਲਗਾ ਦਿੱਤੀ ਤਾਂ ਜੋ ਪਿੱਛਿਓਂ ਆਉਣ ਵਾਲੇ ਵਾਹਨਾਂ ਨੂੰ ਕੋਈ ਅੜਿੱਕੇ ਨਾ ਲੱਗੇ। ਮੋਹਲੇਧਾਰ ਮੀਂਹ ਦੌਰਾਨ ਕਾਰ ਲਾਗੇ ਖੜ੍ਹਾ ਮੈਂ ਅਜੇ ਸੋਚ ਹੀ ਰਿਹਾ ਸੀ, ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਇੱਕ ਤਾਂ ਮੀਂਹ ਪੈ ਰਿਹਾ ਸੀ, ਦੂਜਾ ਐਤਵਾਰ ਦਾ ਦਿਨ ਹੋਣ ਕਰਕੇ ਬਜਾਰ/ ਵਰਕਸ਼ਾਪਾਂ ਬੰਦ ਸਨ। ਇਨੇ ਨੂੰ ਸਾਡੀ ਕਾਰ ਦੇ ਪਿੱਛੇ ਇਕ ਥ੍ਰੀਵ੍ਹੀਲਰ ਵਾਲਾ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ ਮੈਂ ਤੁਹਾਡੀ ਮਦਦ ਲਈ ਆਇਆ ਹਾਂ ਜੀ, ਦੱਸੋ ਕਾਰ ਕਿਥੇ ਪਹੁੰਚਾਉਣੀ ਹੈ? ਮੈਂ ਉਸ ਨੂੰ ਆਖਿਆ 'ਭਾਈ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੁਸੀਬਤ ਵਿੱਚ ਮੇਰੀ ਮਦਦ ਕਰਨ ਲਈ ਖੜ੍ਹੇ ਹੋਏ ਹੋ। ਮੈਂ ਅਜੇ ਗੱਲ ਹੀ ਕਰ ਰਿਹਾ ਸੀ ਕਿ ਉਸ ਨੇ ਆਪਣੇ ਥ੍ਰੀਵ੍ਹੀਲਰ ਵਿਚੋਂ ਰੱਸਾ ਕੱਢਿਆ ਅਤੇ ਆਖਣ ਲੱਗਾ ਮੈਂ ਆਪਣੇ ਥ੍ਰੀਵ੍ਹੀਲਰ ਪਿਛੇ ਪਾ ਕੇ ਭਾਰਤ ਨਗਰ ਚੌਕ ਵਿਚ ਕਾਰ ਮਕੈਨਿਕ ਕੋਲ ਛੱਡ ਆਉਂਦਾ ਹਾਂ, ਅੱਗਿਉਂ ਕਾਰ ਵਾਲਾ ਇਨਸਾਨ ਆਖਣ ਲੱਗਾ ਕਿ ਮੈਂ ਆਪਣੀ ਕਾਰ ਪਿਛੇ ਬੰਨ੍ਹ ਕੇ ਛੱਡ ਆਵਾਂਗਾ। ਚਲੋ ਇਨੇ ਨੂੰ ਇਹ ਸਹਿਮਤੀ ਹੋਈ ਕਿ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਛੱਡੀ ਜਾਵੇਗੀ। ਥ੍ਰੀਵ੍ਹੀਲਰ ਵਾਲਾ ਭੱਦਰ-ਪੁਰਸ਼ ਜਦੋਂ ਸਾਡੀ ਕਾਰ ਨੂੰ ਦੂਜੀ ਕਾਰ ਦੇ ਪਿੱਛੇ ਰੱਸੇ ਨਾਲ ਬੰਨ੍ਹ ਰਿਹਾ ਸੀ, ਤਾਂ ਮੈਂ ਥ੍ਰੀਵ੍ਹੀਲਰ ਵਾਲੇ ਦੇ ਮੋਢੇ ਉਪਰ ਹੱਥ ਰੱਖ ਕੇ ਪੁੱਛਿਆ, 'ਭਾਈ ਸਾਹਿਬ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਪਰ ਵਰ੍ਹਦੇ ਮੀਂਹ ਵਿਚ ਤੁਸੀਂ ਭਿੱਜ ਕੇ ਮੇਰੀ ਮਦਦ ਕਰ ਰਹੇ ਹੋ, ਕਿਉਂ? ਤਦ ਉਸ ਭੱਦਰ ਨੇ ਕਿਹਾ ਕਿ,' ਮੇਰੇ ਉਪਰ ਤੁਹਾਡੇ ਬਹੁਤ ਅਹਿਸਾਨ ਹਨ, ਮੈਂ ਦੱਸ ਨਹੀਂ ਸਕਦਾ, ਪਰ ਤੁਸੀਂ ਸਾਡੇ ਪਰਿਵਾਰ  ਦੀ ਕਦੋਂ ਅਤੇ ਕਿਥੇ ਮਦਦ ਕੀਤੀ, ਮੈਂ  ਦੱਸ ਨਹੀਂ ਸਕਦਾ।' ਉਸ ਦੀ ਗੱਲ ਸੁਣ ਕੇ ਮੈਂ ਵੀ ਉਸ ਨੂੰ ਪੁੱਛਣ ਲਈ ਜਿਆਦਾ ਜੋਰ ਵੀ ਨਾ ਪਾਇਆ।
ਵੱਡੀ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਭਾਰਤ ਨਗਰ ਚੌਕ ਲਿਆਂਦੀ ਗਈ। ਸਬੱਬ ਨਾਲ ਇਕ ਕਾਰ ਮਕੈਨਿਕ ਵੀ ਮਿਲ ਗਿਆ, ਉਸ ਨੇ ਕਾਰ ਖੋਲ੍ਹੀ ਅਤੇ ਦੱਸਿਆ ਕਿ ਕਾਰ ਦੇ ਪਲੱਗ ਸੜ ਗਏ ਹਨ। ਵੱਡ-ਅਕਾਰੀ ਕਾਰ ਦੇ ਮਾਲਕ ਨੇ ਮਕੈਨਿਕ ਨੂੰ ਨਾਲ ਲੈ ਕੇ ਨਵੇਂ ਪਲੱਗ ਖ੍ਰੀਦ ਕੇ ਲਿਆਂਦੇ ਅਤੇ ਕਾਰ ਵਿਚ ਪਾਏ। ਕਾਰ ਦੇ ਠੀਕ ਹੋਣ ਤੱਕ ਲਗਭਗ 2 ਘੰਟੇ ਦਾ ਸਮਾਂ ਲੱਗਿਆ ਪਰ ਵੱਡ-ਅਕਾਰੀ ਕਾਰ ਦਾ ਮਾਲਕ ਨਾਲ ਹੀ ਰਿਹਾ। ਮੈਂ ਜਦੋਂ ਉਸ ਦਾ ਧੰਨਵਾਦ ਕਰਨ ਲੱਗਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਆਖਣ ਲੱਗਾ ' ਸਰ, ਤੁਹਾਡੀ ਮਿਹਰਬਾਨੀ ਕਰਕੇ ਮੇਰੇ ਕੋਲ ਅੱਜ ਮਹਿੰਗੀ ਕਾਰ ਹੈ, ਮਾਲ ਰੋਡ 'ਤੇ ਮਹਿੰਗੀ ਦੁਕਾਨ ਹੈ ਅਤੇ ਚੰਡੀਗੜ੍ਹ ਰੋਡ 'ਤੇ ਸ਼ਾਨਦਾਰ ਕੋਠੀ ਹੈ, ਸਰ ਤੁਹਾਡੀ ਮਦਦ ਨਾਲ ਮੈਂ ਅੱਜ ਲੱਖਾਂ ਦਾ ਬਿਜਨਸ ਕਰ ਰਿਹਾ ਹਾਂ।' 
ਪਰ ਮੈਂਨੂੰ ਤਾਂ ਕੁਝ ਵੀ ਯਾਦ ਨਹੀਂ  ਕਿ ਮੈਂ  ਕਾਰ ਵਾਲੇ ਦੀ ਅਤੇ  ਥ੍ਰੀਵ੍ਹੀਲਰ ਵਾਲੇ ਦੀ ਕਦੋਂ ਮਦਦ ਕੀਤੀ ਸੀ ?' ਕਾਰ ਵਿਚ ਬੈਠੀ ਭੱਦਰ-ਪੁਰਸ਼ ਦੀ ਨਵੀਂ - ਵਿਆਹੀ ਵਹੁਟੀ ਵੀ ਕਾਰ ਵਿਚੋਂ ਬਾਹਰ ਨਿਕਲ ਕੇ ਆਈ ਤਾਂ ਉਸ ਨੇ ਮੇਰੇ ਅਤੇ ਮੇਰੀ ਘਰਵਾਲੀ ਦੇ ਪੈਰ ਛੂਹੇ ਅਤੇ ਉਹ ਵੀ ਆਖਣ ਲੱਗੀ ਕਿ ਲੁਧਿਆਣਾ ਸ਼ਹਿਰ ਵਿੱਚ ਤੁਸੀਂ ਸਾਡੇ ਪੈਰ ਜਮਾਏ ਹਨ, ਜਿਸ ਕਰਕੇ ਅੱਜ ਅਸੀਂ ਬਹੁਤ ਖੁਸ਼ ਹਾਂ।'
ਮੈਂ ਉਨ੍ਹਾਂ ਦੀ  ਮਦਦ ਕੀਤੀ ਜਾਂ ਨਹੀਂ ਕੀਤੀ, ਮੇਰਾ ਇਸ ਗੱਲ ਨਾਲ ਕੋਈ ਵੀ ਵਾਸਤਾ ਨਹੀਂ ਹੈ, ਕਿਉਂਕਿ ਮੈਂ ਕੰਮ ਕਰਕੇ ਕਦੀ ਵੀ ਅਹਿਸਾਨ ਨਹੀਂ ਜਿਤਾਉੰਦਾ, ਪਰ ਮੇਰੇ ਲਈ ਮੁਸੀਬਤ ਵੇਲੇ ਉਹ ਦੋਵੇਂ ਇਨਸਾਨ ਫਰਿਸ਼ਤਾ ਬਣ ਕੇ ਬਹੁੜੇ ਹਨ, ਜਿਸ ਕਰਕੇ ਮੈਂ ਉਨ੍ਹਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।' 
ਭਾਰਤ ਨਗਰ ਚੌਕ ਤੋਂ ਅਸੀਂ ਬਾਦ ਦੁਪਹਿਰ ਲਗਭਗ 2 ਵਜੇ ਤੁਰੇ ਅਤੇ ਫਿਰ ਗੁਰੂ ਨਾਨਕ ਭਵਨ ਪਹੁੰਚੇ, ਜਿਥੇ 'ਮੱਜਬੀ ਸਿੱਖਾਂ ਦੀ ਦਸ਼ਾ ਤੇ ਦਿਸ਼ਾ' ਉਪਰ ਸੂਬਾ ਪੱਧਰੀ ਸੈਮੀਨਾਰ ਚੱਲ ਰਿਹਾ ਸੀ, ਵਾਲੀ ਜਗ੍ਹਾ 'ਤੇ ਪਹੁੰਚ ਕੇ ਮੇਰੀ ਪਤਨੀ ਅਤੇ ਪ੍ਰਿੰਸੀਪਲ ਸਤਿਨਾਮ ਕੌਰ ਨੇ ਡਾ: ( ਪ੍ਰੋ:) ਰਾਗਿਨੀ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਉਪਰ ਪੀ ਐਚ ਡੀ ਕੀਤੀ ਹੈ।
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2021