ਗਿੱਧਾ, ਲੋਕ ਬੋਲੀਆਂ ਅਤੇ ਪੁਰਾਤਨ ਵਿਰਸੇ ਦੀ ਕੀਤੀ ਪੇਸ਼ਕਾਰੀ
ਮੋਗਾ/ਨਿਹਾਲ ਸਿੰਘ ਵਾਲਾ- 9 ਅਗਸਤ- (ਗੁਰਸੇਵਕ ਸਿੰਘ ਸੋਹੀ)- ਪਿੰਡ ਰਾਮਾ ਵਿਖੇ ਡੇਰਾ ਬਾਗ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਦੀ ਅਗਵਾਈ ਵਿੱਚ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੌਜਵਾਨ ਲੜਕੀਆਂ ਅਤੇ ਸੁਆਣੀਆਂ ਵੱਲੋਂ ਲੋਕ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਗਿਆਨੀ ਕੁਲਵਿੰਦਰ ਸਿੰਘ, ਗੋਰਾ ਸਿੰਘ, ਪ੍ਰਧਾਨ ਭਗਵਾਨ ਸਿੰਘ, ਪਰਮਿੰਦਰ ਸਿੰਘ, ਜਗਰੂਪ ਸਿੰਘ, ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਹੋਰਨਾਂ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਲੱਗਦੀਆਂ ਤੀਆਂ ਨੌਜਵਾਨ ਲੜਕੀਆਂ ਅਤੇ ਨਵ ਵਿਆਹੀਆਂ ਵਹੁਟੀਆਂ ਲਈ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਅਹਿਮ ਤਿਉਹਾਰ ਹੈ, ਇਸ ਮੌਕੇ ਲੜਕੀਆਂ ਇਕੱਠੀਆਂ ਹੋ ਕੇ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ ਦਾ ਯੁੱਗ ਹੋਣ ਕਰਕੇ ਨਵੀਂ ਪੀੜ੍ਹੀ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਇਆ ਕਰਨਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਕਰਮਜੀਤ ਕੌਰ ਦੀ ਅਗਵਾਈ ਹੇਠ ਗਿੱਧਾ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਜ਼ੁਰਗ ਔਰਤਾਂ ਨੇ ਸੈਂਟਰ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ ਉਸ ਦੇ ਖ਼ਿਲਾਫ਼ ਬੋਲੀਆਂ ਪਾ ਕੇ ਪਿੱਟ ਸਿਆਪਾ ਕੀਤਾ ਅਤੇ ਹੋਰ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਹਰੀ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ, ਮਿੰਟੂ ਸਿੰਘ, ਲਖਵੀਰ ਸਿੰਘ ਹਾਜ਼ਰ ਸਨ।