ਮਹਿਲ ਕਲਾਂ /ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਇਲਾਕਾ ਮਹਿਲ ਕਲਾਂ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਪੱਧਰ ਤੇ ਯਤਨ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਨਰਾਇਣਗੜ ਸੋਹੀਆਂ ਵਿਖੇ ਨੌਜਵਾਨ ਆਗੂ ਅਤੇ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਟੀਮ ਕੋਲ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਮੁਹਿੰਮ ਤਹਿਤ ਸਮੱਸਿਆਵਾਂ ਦੇ ਹੱਲ ਲਈ ਆਮ ਲੋਕ ਸੰਪਰਕ ਕਰ ਰਹੇ ਹਨ ਅਤੇ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਸੀਂ ਇਹ ਤਹੱਈਆ ਕੀਤਾ ਹੈ ਕਿ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾ ਖਾ ਕੇ ਅੱਕ ਚੁੱਕੇ ਲੋਕਾਂ ਲਈ ਇਕ ਆਸ ਦੀ ਕਿਰਨ ਬਣ ਸਕੀਏ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਪ ਫਾਰ ਮਹਿਲ ਕਲਾਂ ਦੀ ਟੀਮ ਦਾ ਹਿੱਸਾ ਬਣਨ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਇਲਾਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਤਹੱਈਆ ਕੀਤਾ ਹੈ ਕਿ ਹਰ ਸਰਕਾਰੀ ਸਕੀਮ ਦਾ ਲਾਭ ਆਮ ਲੋਕਾਂ ਨੂੰ ਮਿਲੇ। ਇਸ ਮੌਕੇ ਡਾ. ਸ਼ਿੰਗਾਰਾ ਸਿੰਘ ਸੋਹੀਆਂ, ਨਾਹਰ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ, ਜੱਗਾ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।