ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਖਿਲਾਫ ਕੁੱਫਰ ਤੋਲਣ ਦੀ ਸਖਤ ਨਿਖੇਧੀ
ਮਹਿਲਕਲਾਂ /ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 296 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਮਨਜੀਤ ਕੌਰ,ਜਸਵੰਤ ਕੌਰ ਨੇ ਕੱਲ੍ਹ ਪਾਰਲੀਮੈਂਟ ਵਿਚੱ ਕਿਸਾਨਾਂ ਨੂੰ ਮਵੱਲੀ ਭਾਵ ਗੁੰਡੇ ਕਹਿਣ ਨੂੰ ਆੜੀ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀਆਂ ਵੱਲੋਂ 8 ਮਹੀਨਿਆਂ ਤੋੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਅਜਿਹੀ ਘਟੀਆਂ ਸ਼ਬਦਾਵਲੀ ਪਹਿਲੀ ਵਾਰ ਨਹੀ ਵਰਤੀ ਗਈ। ਇਸ ਤੋਂ ਪਹਿਲਾਂ ਵੀ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਨਕਸਲੀ, ਕਦੇ ਮਾਓਵਾਦੀ ਆਦਿ ਗਰਦਾਨ ਚੁੱਕੇ ਹਨ। ਪਰ ਖੇਤਾਂ ਦੇ ਪੁੱਤਾਂ ਨੇ ਮੋਦੀ ਹਕੂਮਤ ਦੀ ਹਰ ਸਾਜਿਸ਼ ਦਾ ਜਥੇਬੰਦਕ ਲੋਕ ਤਾਕਤ ਦੇ ਆਸਰੇ ਪਰਦਾਫਾਸ਼ ਕੀਤਾ ਹੈ। ਸੰਘਰਸ਼ ਦੀ ਧਾਰ ਨੂੰ ਆਪਣੇ ਅਸਲ ਮਕਸਦ ਤੋਂ ਲਾਂਭੇ ਨਹੀਂ ਹੋਣ ਦਿੱਤਾ। ਹੁਣ ਵੀ ਅਜਿਹੀ ਭੜਕਾਹਟ ਭਰੀ ਬੂਖਲਾਹਟ ਵਿੱਚੋਂ ਨਿੱਕਲੀ ਕਾਰਵਾਈ ਕਾਰਵਾਈ ਨੂੰ ਸਫਲ ਨਹੀਂ ਦਿੱਤਾ ਜਾਵੇਗਾ। ਬੁਲਾਰਿਆਂ ਕਿਹਾ ਕਿ ਅੱੱਜ 23 ਜੁਲਾਈ ਪਾਰਲੀਮੈਂਟ ਵੱਲ ਜਾਣ ਵਾਲੇ ਦੂਜੇ ਕਾਫਲੇ ਨੂੰ ਜੰਤਰ-ਮੰਤਰ ਤੱਕ ਖੁਦ ਹੀ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਨਜੂਰੀ ਦੇਣ ਦੇ ਬਾਵਜੂਦ ਰਸਤੇ ਵਿੱਚ ਨਾਲ ਜਾ ਰਹੀ ਪੱਤਰਕਾਰਾਂ ਦੀ ਟੀਮ ਨੂੰ ਖੱਜਲ ਖੁਆਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪਰ ਜੁਝਾਰੂ ਕਿਸਾਨ ਕਾਫਲਿਆਂ ਦੇ ਰੋਹ ਅੱਗੇ ਦਿੱਲੀ ਪੁਲਿਸ ਨੂੰ ਝੁਕਣਾ ਪਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਕਾਇਦਾ “ਕਿਸਾਨ ਸਾਂਸਦ ”ਹੋਈ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਕਿ ਮੁਲਕ ਦੇ ਚੁਣੇ ਹੋਈ ਸਾਂਸਦ ਦੇ ਮੁਕਾਬਲੇ ਕਿਸਾਨਾਂ ਦੇ ਖੁਦ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਵਿੱਚੋਂ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਕੇ ਕਿਸਾਨੀ ਅੰਦੋਲਨ ਬਾਰੇ ਛੇ ਘੰਟੇ ਨਿੱਠਕੇ ਬਹਿਸ ਕੀਤੀ।ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਸ਼ਾਲ ਲੋਕਾਈ ਉੱਪਰ ਪੈਣ ਵਾਲੇ ਮਾਰੂ ਅਸਰਾਂ ਬਾਰੇ ਵੀ ਨਿੱਠਕੇ ਵਿਚਾਰਾਂ ਕੀਤੀਆਂ।ਕਿਸਾਨ ਸੰਸਦ ਵੱਲੋਂ ਚਲਾਈ ਗਈ ਬਹਿਸ ਵਿੱਚ ਭਾਗ ਲੈਂਦਿਆਂ ਕਿਸਾਨ ਆਗੂਆਂ ਦੱਸਿਆ ਕਿ ਕਿਵੇਂ ਮੋਦੀ ਹਕੂਮਤ ਆਪਣੇ ਸੁਧਾਰਵਾਦੀ ਏਜੰਡੇ ਤਹਿਤ ਖੇਤੀ ਖੇਤਰ ਨੂੰ ਉੱਚ ਅਮੀਰ ਘਰਾਣਿਆਂ (ਅਡਾਨੀਆਂ,ਅੰਬਾਨੀਆਂ ਸਮੇਤ ਹੋਰਨਾਂ) ਨੂੰ ਸੌਪਣਾ ਚਾਹੁੰਦੀ ਹੈ। ਜਿਸ ਦਾ ਸਿੱਟਾ ਮੁਲਕ 60 % ਖੇਤੀ ਉਪਰ ਨਿਰਭਰ ਵਸੋਂ ਦੇ ਉਜਾੜੇ ਦੇ ਰੂਪ ਵਿੱਚ ਨਿੱਕਲੇਗਾ। ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਜੋਸ਼ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ।