ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਹਮੇਸ਼ਾਂ ਸੱਚ ਲਿਖਿਆ-ਪੱਤਰਕਾਰ ਭਾਈਚਾਰਾ
ਜਗਰਾਉਂ, 22 ਜੁਲਾਈ ( ਅਮਿਤ ਖੰਨਾ )-ਦਿ ਵਾਇਰ ਦੇ ਦਾਅਵੇ ਮੁਤਾਬਿਕ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਿਸ ਸਪਾਈਵੇਅਰ ਦੀ ਵਰਤੋਂ ਰਾਹੀਂ ਕੇਂਦਰ ਸਰਕਾਰ ਵੱਲੋਂ ਜਾਸੂਸੀ ਕਰਨ ਦਾ ਮਾਮਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ’ਚ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ਨੂੰ ਲੈ ਕੇ ਪੱਤਰਕਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਹੈਡਕੁਆਟਰਾਂ ਤੇ ਐਸਡੀਐਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ। ਇਸੇ ਤਹਿਤ ਜਗਰਾਉਂ ਵਿਖੇ ਪੱਤਰਕਾਰ ਭਾਈਚਾਰੇ ਨੇ ਇਕਜੁਟਤਾ ਦਿਖਾਉਂਦੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ। ਐਸਡੀਐਮ ਦਫ਼ਤਰ ਵਿਖੇ ਇਕੱਤਰ ਹੋਏ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਸਰਕਾਰਾਂ ਨੇ ਹਮੇਸ਼ਾਂ ਹੀ ਸੱਚ ਦੀ ਆਵਾਜ਼ ਨੂੰ ਦਬਾਇਆ ਹੈ, ਜਿਹੜੇ ਸੱਚ ਬੋਲਦੇ ਹਨ ਜਾਂ ਸੱਚ ਲਿਖਦੇ ਹਨ, ਉਨ੍ਹਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਹਮੇਸ਼ਾਂ ਕਰਨਾ ਪਿਆ ਹੈ ਪਰ ਅਸੀ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਪੱਤਰਕਾਰਾਂ ਦੀ ਨਿੱਜੀ ਜਿੰਦਗੀ ’ਤੇ ਹਮਲਾ ਕੀਤਾ ਹੈ, ਇਸ ਸਾਫਟਵੇਅ ਰਾਹੀਂ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਬਾਰੇ ਉਹ ਜਾਣ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਜਿਹੀ ਘਟੀਆ ਕਾਰਵਾਈ ਦਾ ਅਸੀ ਸਖ਼ਤ ਵਿਰੋਧ ਕਰਦੇ ਹਾਂ। ਇਸ ਮੌਕੇ ਪ੍ਰੈਸ ਕਲੱਬ ਜਗਰਾਉਂ ਦੇ ਸਰਪ੍ਰਸਤ ਸੰਜੀਵ ਗੁਪਤਾ ਤੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਜਗਰਾਉਂ ਪ੍ਰੈਸ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਗਰਾਉਂ ਮੀਡੀਆ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੱਗੂ ਤੇ ਚਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਗਿਆ, ਜਿਹੜੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਮਾੜੇ ਕੰਮਾਂ ਨੂੰ ਜਨਤਾ ਸਾਹਮਣੇ ਉੁਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਿਧੱੜਕ ਪੱਤਰਕਾਰਾਂ ਨਾਲ ਅਸੀ ਡਟਕੇ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਅਸੀ ਸਖ਼ਤ ਨਿੰਦਾ ਕਰਦੇ ਹਾਂ ਤੇ ਅਜਿਹੀ ਕਾਰਵਾਈ ’ਚ ਮੋਦੀ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਮਲਕ, ਸੁਖਦੇਵ ਗਰਗ, ਚਰਨਜੀਤ ਸਿੰਘ ਸਰਨਾ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਮੁਰਲੀ, ਜਗਦੀਪ ਸਿੰਘ ਸੱਗੂ, ਵਿਸ਼ਾਲ ਅਤਰੇ, ਸਤਪਾਲ ਸਿੰਘ ਦੇਹੜਕਾ, ਕੁਲਦੀਪ ਸਿੰਘ ਲੋਹਟ, ਵਿਕਾਸ ਮਠਾੜੂ, ਚਰਨਜੀਤ ਸਿੰਘ ਚੰਨ, ਸੰਜੀਵ ਅਰੋੜਾ, ਗੁਰਦੀਪ ਸਿੰਘ ਗੋਲਡੀ ਗਾਲਿਬ, ਪੁਸ਼ਪਿੰਦਰ ਸਿੰਘ ਛਿੰਦਾ, ਸ਼ਮਸ਼ੇਰ ਸਿੰਘ ਗਾਲਿਬ, ਬਿੱਟੂ ਸਵੱਦੀ, ਸੋਨੀ ਸਵੱਦੀ, ਜਸਵੰਤ ਸਹੋਤਾ, ਜਰਨੈਲ ਸਿੰਘ, ਕੌਸ਼ਲ ਮੱਲ੍ਹਾ, ਐਸ.ਕੇ. ਨਾਹਰ, ਦੀਪਕ ਜੈਨ, ਜਸਵਿੰਦਰ ਸਿੰਘ ਛਿੰਦਾ, ਵਿਕਾਸ ਗੁਪਤਾ, ਭਗਵਾਨ ਸਿੰਘ, ਮਨੀ ਜੌਹਲ, ਕਿਸ਼ਨ ਵਰਮਾ, ਇੰਦਰਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।