ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )— ਅੱਜ ਇੱਥੇ ਨਵੀਆਂ ਕਚਹਿਰੀਆਂ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਨਾਲ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੰਯਮ ਅਗਰਵਾਲ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੁੱਢੇ ਨਾਲੇ ਦੀ ਸਾਫ-ਸਫਾਈ ਦੇ ਨਾਲ-ਨਾਲ ਬੁੱਢੇ ਨਾਲੇ ਵਿੱਚ ਗੰਦਗੀ ਸੁੱਟਣ ਵਾਲਿਆਂ ਦੇ ਪੂਰੀ ਸਖ਼ਤੀ ਨਾਲ ਵੱਧ ਤੋ ਵੱਧ ਚਲਾਨ ਕਰਨ। ਉਹਨਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਗੰਦਗੀ ਪਾਉਣ ਲਈ ਆਮ ਲੋਕਾਂ ਦੇ ਨਾਲ-ਨਾਲ ਡੇਅਰੀਆਂ ਅਤੇ ਉਦਯੋਗਿਕ ਇਕਾਈਆਂ 'ਤੇ ਵੀ ਸਖ਼ਤੀ ਵਰਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਸ ਦੀ ਰੱਖਿਆ ਕੀਤੀ ਜਾ ਸਕੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਜਲ ਸਰੋਤਾਂ ਦੀ ਮੁੱਢਲਾ ਫਰਜ਼ ਸਮਝ ਕੇ ਰੱਖਿਆ ਕਰਨ ਅਤੇ ਪਾਣੀ ਦੀ ਵਰਤੋ ਸੰਜ਼ਮ ਅਤੇ ਸੁਚੱਜੇ ਤਰੀਕੇ ਨਾਲ ਕਰਨ। ਜੰਗਲਾਤ ਅਤੇ ਪੰਚਾਇਤ ਵਿਭਾਗ ਤੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਤੇ ਬੂਟੇ ਲਗਾਉਣ ਸਬੰਧੀ ਐਕਸ਼ਨ ਪਲਾਨ ਦਾ ਜਾਇਜ਼ਾ ਲਿਆ ਅਤੇ ਆਦੇਸ਼ ਦਿੱਤੇ ਕਿ ਸਕੂਲਾਂ, ਸਮਸ਼ਾਨ ਘਾਟ ਅਤੇ ਪੰਚਾਇਤਾਂ ਦੀਆਂ ਥਾਵਾਂ ਤੇ ਬੂਟੇ ਲਗਾਉਣ ਲਈ ਚੋਣ ਕੀਤੀ ਜਾਵੇ ਅਤੇ ਬੂਟੇ ਲਗਾਉਣ ਉਪਰੰਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸਾਂਭ-ਸੰਭਾਲ ਅਤੇ ਪਾਣੀ ਆਦਿ ਦੇਣ ਦੀ ਜਿੰਮੇਵਾਰੀ ਲਗਾਈ ਜਾਵੇ ਤਾਂ ਕਿ ਸਾਰੇ ਬੂਟੇ ਛੇਤੀ ਵੱਡੇ ਦਰੱਖਤ ਬਣ ਸਕਣ ਅਤੇ ਸੂਬੇ ਦੇ ਲੋਕਾਂ ਨੂੰ ਵਧੀਆ ਵਾਤਾਵਰਣ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਬੂਟੇ ਲਗਾਉਣ ਦਾ ਕੰਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ 30 ਸਤੰਬਰ 2019 ਤੱਕ ਮੁਕੰਮਲ ਕੀਤਾ ਜਾਣਾ ਹੈ। ਉਹਨਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟੋਏ ਪੁੱਟਣ, ਪਾਣੀ, ਖਾਦ, ਬੂਟਿਆਂ ਦੀ ਸੁਰੱਖਿਆ ਦੇ ਇੰਤਜਾਮ ਸੰਬੰਧੀ ਜਿਲੇ ਦੇ ਸਮੂਹ ਬੀ.ਡੀ.ਪੀ.ਓਜ਼ ਤੋ ਰਿਪੋਰਟ ਪ੍ਰਾਪਤ ਕਰਕੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋ ਭੇਜੀ ਜਾਵੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰਮੀ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਜ਼ਿਲਾ ਵਾਸੀਆਂ ਨੂੰ ਵਧੀਆਂ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆਂ ਕਰਵਾਉਣ ਲਈ ਖਾਦ ਪਦਾਰਥਾਂ ਦੇ ਰੋਜਾਨਾ ਸੈਂਪਲ ਭਰੇ ਜਾਣ ਅਤੇ ਮਿਲਾਵਟ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਨਸ਼ਿਆਂ ਦੇ ਪ੍ਰਸਾਰ ਤੇ ਰੋਕ ਲਗਾਉਣ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾਣ। ਉਹਨਾਂ ਸਿਹਤ ਵਿਭਾਗ ਅਤੇ ਡਿਪਟੀ ਡਾਇਰੈਕਰ ਡੇਅਰੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਦੁੱਧ ਵਿੱਚ ਮਿਲਾਵਟ ਦੀਆਂ ਸ਼ਿਕਾਇਤਾਂ ਸੰਬੰਧੀ ਦੁੱਧ ਦੀਆਂ ਡੇਅਰੀਆਂ/ਦੁਕਾਨਾਂ ਤੋ ਦੁੱਧ ਦੇ ਸੈਂਪਲ ਭਰੇ ਜਾਣ ਅਤੇ ਮਿਲਾਵਟਖੋਰਾਂ ਖਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੁੱਧ ਦੀ ਚੈਕਿੰਗ ਕਰਵਾਉਣ ਲਈ ਸਿਹਤ ਵਿਭਾਗ ਅਤੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰਨ। ਉਹਨਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਡੇਅਰੀ ਦੇ ਦਫ਼ਤਰ ਵਿੱਚ ਦੁੱਧ ਦੀ ਪਰਖ ਬਿਲਕੁੱਲ ਮੁਫਤ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਦੁੱਧ ਦੀਆਂ ਸ਼ਿਕਾਇਤਾਂ ਸੰਬੰਧੀ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਿਲਬਾਗ ਸਿੰਘ ਨਾਲ ਉਹਨਾਂ ਦੇ ਦਫ਼ਤਰ ਦੇ ਫੋਨ ਨੰਬਰ 01612400223 ਜਾਂ ਉਹਨਾਂ ਦੇ ਮੋਬਾਇਲ ਨੰਬਰ 9815168220 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਦੀ ਮੀਟਿੰਗ ਵਿੱਚ ਗੈਰ-ਹਾਜ਼ਰ ਵਿਭਾਗਾਂ ਟਰਾਂਸਪੋਰਟ, ਕੋਆਪਰੇਟਿਵ ਅਤੇ ਪੀ.ਪੀ.ਸੀ.ਬੀ. ਦੇ ਖਿਲਾਫ਼ ਸ਼ੋਅ-ਕਾਜ਼ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਸਮੂਹ ਵਿਭਾਗਾਂ ਨੂੰ ਹਦਾਇਤ ਕਿ ਉਹ ਆਪਣੇ-ਆਪਣੇ ਨਾਲ ਸੰਬੰਧਤ ਪ੍ਰਗਤੀ ਰਿਪੋਰਟਾਂ ਤੈਅ ਸਮੇਂ ਅਨੁਸਾਰ ਹੀ ਭੇਜਣ। ਉਹਨਾਂ ਕਿਹਾ ਕਿ ਆਮ ਦੇਖਿਆ ਗਿਆ ਹੈ ਕਿ ਵਿਭਾਗ ਆਪਣੀ ਪ੍ਰਗਤੀ ਰਿਪੋਰਟ ਸਮੇਂ ਸਿਰ ਨਹੀਂ ਭੇਜਦੇ, ਜਿਸ ਕਾਰਨ ਉਹਨਾਂ ਦੀਆਂ ਰਿਪੋਰਟਾਂ ਦਾ ਸਹੀ ਮੁਲੰਕਣ ਨਹੀਂ ਹੁੰਦਾ ਹੈ। ਮੀਟਿੰਗ ਵਿੱਚ ਬਾਗਵਾਨੀ, ਸਥਾਨਕ ਸਰਕਾਰ, ਜ਼ਿਲਾ ਸਿੱਖਿਆ ਅਫਸਰ (ਐ ਅਤੇ ਸੈ), ਜ਼ਿਲਾ ਪ੍ਰੋਗਰਾਮ ਅਫਸਰ, ਖੇਤੀਬਾੜੀ, ਜਲ ਸਰੋਤ ਅਤੇ ਪੇਂਡੂ ਵਿਕਾਸ ਵਿਭਾਗ ਦੀਆਂ ਪ੍ਰਗਤੀਆਂ ਦਾ ਵੀ ਜਾਇਜ਼ਾ ਲਿਆ।