ਲੁਧਿਆਣਾ,ਜੂਨ 2019 ( ਮਨਜਿੰਦਰ ਗਿੱਲ )—ਅੱਜ ਚੀਫ਼ ਜੁਡੀਸੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਸ਼੍ਰੀ ਆਸ਼ੀਸ਼ ਅਬਰੌਲ ਵੱਲੋਂ ਕੇਂਦਰੀ ਜੇਲ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੈਂਪ ਕੋਰਟ ਦਾ ਆਯੋਜ਼ਨ ਕੀਤਾ ਗਿਆ, ਜਿਸ ਵਿੱਚ ਛੋਟੇ ਅਪਰਾਧਕ ਕੇਸਾਂ ਦੇ ਵਿੱਚ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਰਿਹਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਅੱਜ ਦੀ ਇਸ ਕੈਂਪ ਕੋਰਟ ਦੇ ਦੌਰਾਨ ਕੁੱਲ 11 ਕੇਸ ਸੁਣਵਾਈ ਦੇ ਲਈ ਰੱਖੇ ਗਏ ਸਨ, ਜਿਨਾਂ ਵਿੱਚੋਂ ਕੁੱਲ 3 ਕੇਸਾਂ ਦਾ ਨਿਪਟਾਰਾ ਮੌਕੇ ਤੇ ਕਰਨ ਉਪਰੰਤ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ। ਇਸ ਮੌਕੇ ਰਿਹਾਅ ਹੋਣ ਵਾਲੇ ਬੰਦੀਆਂ ਵੱਲੋਂ ਆਪਣੇ ਕੇਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ ਜਿਸ ਕਾਰਨ ਉਨਾਂ ਨੂੰ ਮੁੜ ਜੇਲ ਵਿਖੇ ਆਉਣਾ ਪਵੇ।ਇਸ ਮੌਕੇ ਸ੍ਰੀ ਆਸ਼ੀਸ਼ ਅਬਰੌਲ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਬੰਦੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਧੀਨ ਵਕੀਲ ਦੀ ਜਰੂਰਤ ਹੈ ਤਾਂ ਉਹ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਸਥਾਪਿਤ ਕੀਤੇ ਗਏ ਲੀਗਲ ਏਡ ਕਲੀਨਿਕ ਵਿੱਚ ਸੰਪਰਕ ਕਰਕੇ ਆਪਣਾ ਫਾਰਮ ਭਰ ਸਕਦਾ ਹੈ ਅਤੇ ਉਸ ਬੰਦੀ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਦੇ ਲਈ ਅਥਾਰਟੀ ਵੱਲੋਂ ਮੁਫਤ ਵਕੀਲ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੀ.ਜੇ.ਐਮ. ਵੱਲੋਂ ਕੇਂਦਰੀ ਜੇਲ, ਲੁਧਿਆਣਾ ਦੇ ਸੁਪਰਡੰਟ ਨੂੰ ਇਹ ਹਦਾਇਤ ਵੀ ਦਿੱਤੀ ਕਿ ਉਹ ਛੋਟੇ ਅਪਰਾਧਕ ਕੇਸਾਂ ਦੇ ਬੰਦੀਆਂ ਦੀ ਸੂਚੀ ਜਲਦ ਤਿਆਰ ਕਰਕੇ ਅਥਾਰਟੀ ਨੂੰ ਭੇਜਣ ਤਾਂ ਜੋ ਅਗਲੇ ਕੈਂਪ ਕੋਰਟ ਦੇ ਦੌਰਾਨ ਵੱਧ ਤੋਂ ਵੱਧ ਕੇਸ ਰੱਖੇ ਜਾ ਸਕਣ। ਇਸ ਤੋਂ ਇਲਾਵਾ ਸੀ.ਜੇ.ਐਮ. ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਚੱਲ ਰਹੇ ਮੈਡੀਕਲ ਕੈਂਪ ਦਾ ਵੀ ਦੌਰਾ ਕੀਤਾ ਅਤੇ ਮੈਡੀਕਲ ਕੈਂਪ ਬਾਰੇ ਜੇਲ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਕ ਜਾਣਕਾਰੀ ਲਈ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।