You are here

ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲਾ ਹੀਰਾ ਗੰਭੀਰ ਬਿਮਾਰੀ ਦੀ ਜਕੜ ਵਿੱਚ ਆ ਕਿ ਬਾਂਹ ਫੜਨ ਵਾਲੇ ਹਮਦਰਦੀਆਂ ਦੀ ਉਡੀਕ ਵਿੱਚ ਹੈ 

ਆਪਣੀ ਜਿੰਗਦੀ ਦੇ 32 ਸਾਲ ਪੰਜਾਬੀ ਪੱਤਰਕਾਰੀ ਨੂੰ ਦੇਣ ਵਾਲਾ ਅਨਮੋਲ ਹੀਰਾ ਰਜਿੰਦਰਜੀਤ ਸਿੰਘ ਕਾਲਾਬੂਲਾ ਉਡੀਕਦਾ ਹੈ ਸੇਵਾ ਵਾਲੇ ਹੱਥ  
ਮਹਿਲ ਕਲਾਂ /ਬਰਨਾਲਾ - 11 ਜੁਲਾਈ- (ਗੁਰਸੇਵਕ ਸੋਹੀ)- ਰਜਿੰਦਰਜੀਤ ਸਿੰਘ ਕਾਲਾਬੂਲਾ ਦਾ ਜਨਮ 11 ਦਸੰਬਰ 1967 ਨੂੰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਪਿਤਾ ਸ. ਸੁਰਜੀਤ ਸਿੰਘ ਦੇ ਘਰ ਪਿੰਡ ਕਾਲਾਬੂਲਾ ਜਿਲ੍ਹਾ ਸੰਗਰੂਰ ਵਿਖੇ ਹੋਇਆ, ਇੱਕ ਮਿਹਨਤਕਸ਼ ਪਰਿਵਾਰ ਵਿੱਚ ਜਨਮੇ ਰਜਿੰਦਰਜੀਤ ਸਿੰਘ ਨੇ ਮਜਦੂਰੀ ਕਰਦਿਆਂ -ਕਰਦਿਆਂ ਬਾਰਵੀਂ ਅਤੇ ਪੰਜਾਬੀ ਆਨਰਜ਼ ਤੱਕ ਅੱਖਰ ਗਿਆਨ ਹਾਸਿਲ ਕੀਤਾ, ਵਿਦਿਆਰਥੀ ਜੀਵਨ ਤੋਂ ਹੀ ਰਜਿੰਦਰਜੀਤ ਵਿੱਚ ਜਿੱਥੇ ਸ਼ਬਦ ਨਾਲ ਜੁੜਨ ਦੀ ਤਾਂਘ ਸੀ ਉੱਥੇ ਆਪਣੇ ਵਰਗੇ ਦੱਬੇ ਕੁਚਲੇ ਲੋਕਾਂ ਤੇ ਹੁੰਦੇ ਅੱਤਿਆਚਾਰ ਨੂੰ ਵੇਖ -ਸੁਣ ਕਿ ਉਸਦੇ ਦਿਲ ਵਿੱਚ ਉੱਠਦੇ ਵਲਵਲੇ ਉਸਨੂੰ ਆਪ ਮੁਹਾਰੇ ਹੀ ਲੋਕ ਘੋਲਾਂ ਦੇ ਪਿੜ ਤੱਕ ਲੈ ਤੁਰੇ ਜਿੱਥੇ ਉਸਨੇ ਡਟ ਕਿ ਸੱਚ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ,ਜੇਕਰ ਰਾਜਿੰਦਰਜੀਤ ਨੂੰ ਲੱਗੀ ਸਾਹਿਤਕ ਚੇਟਕ ਦੀ ਗੱਲ ਕਰੀਏ ਤਾਂ ਅੱਠਵੀਂ ਦੇ ਪੇਪਰਾਂ ਪਿੱਛੋਂ ਵੱਡੇ ਵੀਰ ਸਰਵਣ ਸਿੰਘ ਪਾਸੋਂ ਮਿਲਿਆ ਜਸਵੰਤ ਸਿੰਘ ਕੰਵਲ ਦਾ ਨਾਵਲ "ਜੰਗਲ ਦੇ ਸ਼ੇਰ" ਉਸ ਲਈ ਇਸ ਖੇਤਰ ਵਿੱਚ ਆਉਣ ਦਾ ਰਸਤਾ ਬਣਿਆ, ਉਸ ਪਿੱਛੋਂ ਕਾਲਾਬੂਲਾ ਕਾਮਰੇਡ ਤੇਜਾ ਸਿੰਘ ਪਾਸੋਂ ਲਗਾਤਾਰ ਕਿਤਾਬਾਂ ਲੈ ਕੇ ਪੜਨ ਲੱਗ ਪਿਆ । ਫੇਰ ਉਸਨੇ ਕੰਵਲ ਸਾਹਿਬ ਦੇ ਸਾਰੇ ਨਾਵਲ ਲੱਭ -ਲੱਭ ਕੇ ਪੜ੍ਹੇ ਅਤੇ ਕਈ ਵਾਰ ਦਿਹਾੜੀਆਂ ਕਰਕੇ ਕਮਾਏ ਪੈਸਿਆਂ ਨਾਲ ਖ਼ਰੀਦ ਕੇ ਪੜ੍ਹੇ। ਨੌਵੀਂ ਅਤੇ ਦਸਵੀਂ ਜਮਾਤ ਵਿੱਚ ਸਕੂਲ ਦੀ ਲਾਇਬਰੇਰੀ ਵਿੱਚੋਂ ਵੀ ਕਈ ਚੰਗੀਆਂ ਕਿਤਾਬਾਂ ਲੈ ਕੇ ਪੜ੍ਹੀਆਂ। ਦਸਵੀਂ ਜਮਾਤ ਪਾਸ ਕਰਨ ਤੱਕ ਹੁਣ ਕਿਤਾਬਾਂ ਰਾਜਿੰਦਰਜੀਤ ਦੀਆਂ ਸਾਥੀ ਬਣ ਚੁੱਕੀਆਂ ਸਨ। ਰਾਜਿੰਦਰਜੀਤ ਨੂੰ ਵੇਖਣ ਵਾਲੇ ਭਲੀਭਾਂਤ ਜਾਣਦੇ ਹਨ ਕਿ ਉਹ ਜਿੱਧਰ ਵੀ ਜਾਂਦਾ ਉਸ ਕੋਲ ਸਾਹਿਤਕ ਕਿਤਾਬਾਂ /ਮੈਗਜ਼ੀਨ ਜ਼ਰੂਰ ਹੁੰਦੇ। 1986 ਵਿੱਚ ਉਹ ਸਾਹਿਤ ਸਭਾ ਸ਼ੇਰਪੁਰ ਨਾਲ ਜੁੜ ਗਿਆ। ਇਸ ਦੌਰਾਨ ਸਾਹਿਤ ਸਭਾ ਦੇ ਮੈਂਬਰਾਂ ਦੇ ਸਾਂਝੇ ਕਾਵਿ ਸੰਗ੍ਰਹਿ 'ਉਡਾਰੀਆਂ' ਵਿੱਚ ਛਪੀਆਂ ਉਸਦੀਆਂ ਦੋ ਕਵਿਤਾਵਾਂ ਨਾਲ ਉਸਦਾ ਬਤੌਰ ਲੇਖਕ ਸਫ਼ਰ ਸ਼ੁਰੂ ਹੋਇਆ। ਸਮਾਜ ਸੇਵਾ ਵਿੱਚ ਵੱਡਾ ਨਾਮ ਅਤੇ ਅਖੌਤੀਆਂ ਵਿਰੁੱਧ ਚੱਟਾਨ ਵਾਂਗ ਡਟਣ ਵਾਲੇ ਇਸ ਬੇਬਾਕ ਇਸ ਸਖ਼ਸ਼ ਨੇ ਸ਼ੇਰਪੁਰ ਵਿੱਚ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਮੌਕੇ ਮੋਢੀ ਮੈਂਬਰਾਂ ਵਿਚ ਕੰਮ ਵੀ ਕੀਤਾ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਕਿੰਨੇ ਹੀ ਲੋਕਾਂ ਨਾਲ ਮੱਥਾ ਲਾਇਆ। ਰਾਜਿੰਦਰਜੀਤ ਅਸਲ ਵਿੱਚ ਸਿਰੜੀ ਵਿਅਕਤੀ ਹੈ ਉਸਨੇ 1988 ਦੌਰਾਨ ਪਿੰਡ ਕਾਲਾਬੂਲਾ ਵਿੱਚ ਦਸਮੇਸ਼ ਨੌਜਵਾਨ ਕਲੱਬ ਦੀ ਸਥਾਪਨਾ ਕੀਤੀ ਸਵਰਗੀ ਸਾਹਿਤਕਾਰ ਗੁਰਨਾਮ ਸਿੰਘ ਭੱਠਲ ਦੀ ਯਾਦ ਵਿੱਚ ਲਾਇਬਰੇਰੀ ਚਾਲੂ ਕਰਕੇ ਲਾਇਬਰੇਰੀ ਦੇ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਈ। ਉਹ ਇੱਕ ਪਾਠਕ ਵੀ ਹੈ, ਇਲਾਕੇ ਵਿੱਚ ਜਾ ਬਾਹਰ ਕੋਈ ਸਾਹਿਤਕ ਸਮਾਗਮ ਅਜਿਹਾ ਨਹੀਂ ਹੋਣਾ ਜਿੱਥੇ ਰਾਜਿੰਦਰਜੀਤ ਕਾਲਾਬੂਲਾ ਦਿਖਾਈ ਨਾ ਦੇਵੇ, ਲਿਖਾਰੀ ਸਭਾ ਬਰਨਾਲਾ ਵੱਲੋਂ 'ਇਕ ਦਹਾਕਾ ਹੋਰ'ਸਾਹਿਤ ਸਮਾਗਮ ਸਮੇਂ ਕਰਵਾਏ ਗਏ ਪੰਜਾਬ ਪੱਧਰੀ 'ਪਾਠਕ ਮੁਕਾਬਲੇ' ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਤੀਜਾ ਅਤੇ ਪੰਜਵਾਂ ਸਥਾਨ ਵੀ ਪਿੰਡ  ਕਾਲਾਬੂਲਾ ਦੇ ਹਿੱਸੇ ਆਇਆ। ਪ੍ਰਬੰਧਕਾਂ ਨੇ ਪੁਸਤਕਾਂ,ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।  2018 ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਫਤਹਿਗੜ੍ਹ ਪੰਜਗਰਾਈਆਂ ਦੇ ਪ੍ਰਬੰਧਕਾਂ ਨੇ ਵੱਡੇ ਸਮਾਗਮ ਦੌਰਾਨ ਵਧੀਆ ਪਾਠਕ ਅਤੇ ਸਮਾਜ ਸੇਵੀ ਵਜੋਂ ਸਨਮਾਨਤ ਕੀਤਾ।  ਜੇ ਰਾਜਿੰਦਰਜੀਤ ਨੂੰ ਮਿਹਨਤ ਦਾ ਦੂਜਾ ਨਾਮ ਵੀ ਕਹਿ ਦਿਆਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਸਾਈਕਲ ਤੇ ਮੋਟਰਸਾਈਕਲ ਤੇ ਸੈਂਕੜੇ ਕਿਲੋਮੀਟਰ ਦਾ ਰੋਜ਼ਾਨਾਂ ਦਾ ਸਫ਼ਰ ਉਸ ਲਈ ਆਮ ਜਹੀ ਗੱਲ ਸੀ, ਪਹਿਲਾਂ ਕੁਝ ਸਮਾਂ ਉਸਨੇ ਪਿੰਡਾਂ ਵਿਚ ਅਖ਼ਬਾਰਾਂ ਵੰਡਕੇ ਕਿਰਤ ਕੀਤੀ ਫਿਰ 1989 -90 ਦੌਰਾਨ ਰੋਜ਼ਾਨਾ 'ਚੜ੍ਹਦੀ ਕਲਾ' ਪਟਿਆਲਾ ਦਾ ਪੱਤਰਕਾਰ ਨਿਯੁਕਤ ਹੋਇਆ। 1993 ਵਿੱਚ 'ਅੱਜ ਦੀ ਆਵਾਜ਼' ਜਲੰਧਰ, 1996 'ਚ ਰੋਜ਼ਾਨਾ 'ਅਜੀਤ'ਜਲੰਧਰ, 2003 ਵਿੱਚ ਹਿੰਦ ਸਮਾਚਾਰ ਗਰੁੱਪ 'ਜਗ ਬਾਣੀ' ਜਲੰਧਰ, 2005 'ਚ 'ਦੇਸ਼ ਸੇਵਕ, 'ਹਮਦਰਦ' ਅਤੇ ਜਨ- ਜਾਗ੍ਰਿਤੀ'  2014 ਰੋਜ਼ਾਨਾ 'ਪੰਜਾਬੀ ਜਾਗਰਣ ' 2015 ਰੋਜ਼ਾਨਾ 'ਸਾਂਝੀ ਖ਼ਬਰ' ਲਈ ਕੰਮ ਕੀਤਾ ਅਤੇ ਅੱਜ ਤੱਕ ਪਿੱਛਲੇ ਸਾਲ 2020 ਤੋਂ ਰੋਜ਼ਾਨਾ 'ਚੜ੍ਹਦੀ ਕਲਾ' ਪਟਿਆਲਾ ਲਈ ਸ਼ੇਰਪੁਰ ਤੋਂ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਰਾਜਿੰਦਰਜੀਤ ਦੀ ਜਿੰਦਗੀ ਵਿੱਚ ਬਹੁਤ ਹਨੇਰੀਆਂ ਆਈਆਂ, ਬੜੇ ਤੁਫ਼ਾਨਾਂ ਨਾਲ ਉਸਨੇ ਟੱਕਰ ਲਈ ਪਰ ਕਦੇ ਹਾਲਾਤਾਂ ਨਾਲ ਸਮਝੌਤਾ ਨਾ ਕਰਨ ਵਾਲੇ ਇਸ ਕਦੇ ਆਪਣੇ ਅਸੂਲ ਨਹੀਂ ਤੋੜੇ, ਸਾਲ 1995 ਤੋਂ 1999 ਤੱਕ ਉਹ ਬਲਾਕ ਸਾਖਰਤਾ ਸੰਮਤੀ ਸ਼ੇਰਪੁਰ ਦਾ ਕੋਆਰਡੀਨੇਟਰ, ਪਿੰਡ ਦੀ ਪੰਚਾਇਤ ਦਾ ਮੈਂਬਰ ਅਤੇ ਫਿਰ ਪੰਚਾਇਤ ਸੰਮਤੀ ਸ਼ੇਰਪੁਰ ਦਾ ਮੈਂਬਰ ਵੀ ਰਿਹਾ। ਸਾਲ 2005 ਵਿੱਚ ਸਮਾਜ ਸੇਵੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ  ਦੀ ਸਥਾਪਨਾ ਕੀਤੀ ਤੇ ਇਸ ਸੰਸਥਾ ਰਾਹੀਂ ਹਜ਼ਾਰਾਂ ਪੇਂਡੂ ਲੜਕੀਆਂ ਅਤੇ ਔਰਤਾਂ ਨੂੰ ਕਿੱਤਾ ਸਿਖਲਾਈ ਅਤੇ ਅੱਖਰ -ਗਿਆਨ ਦੇਕੇ ਆਤਮ- ਨਿਰਭਰ ਕੀਤਾ। ਉਹ ਨਸ਼ਿਆਂ ਖਿਲਾਫ਼ ਨੰਗੇ ਪੈਰੀ ਪਿੰਡ -ਪਿੰਡ ਤੁਰਿਆ, ਪਿੰਡ -ਪਿੰਡ ਜਾ ਕੇ ਉਸਨੇ ਨਸ਼ਿਆਂ ਅਤੇ ਆਤਮ ਹੱਤਿਆਵਾਂ ਵਿਰੁਧ ਹੋਕਾ ਦਿੱਤਾ। ਰਾਜਿੰਦਰਜੀਤ ਦੀਆਂ ਇਹਨਾਂ ਮਾਣਮੱਤੀਆਂ ਸੇਵਾਵਾਂ ਬਦਲੇ 31 ਮਈ 2015 ਨੂੰ ਅੰਤਰਰਾਸ਼ਟਰੀ ਤੰਬਾਕੂ ਵਿਰੋਧੀ ਦਿਵਸ ਸਮੇਂ ਜਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਉਸ ਸਮੇਂ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਉਪਕਾਰ ਸਿੰਘ ਨੇ ਸਨਮਾਨਿਤ ਕੀਤਾ। ਅੱਜ ਵੀ ਸੰਸਥਾ ਸਮਾਜ ਭਲਾਈ ਮੰਚ ਸਿਹਤ ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ।ਕੁਦਰਤ -ਮਾਨਵ ਕੇਂਦਰਿਤ ਲੋਕ ਲਹਿਰ ਅਤੇ 'ਪੰਛੀ ਪਿਆਰੇ' ਮੁਹਿੰਮ ਵਿੱਚ ਵੀ ਸਰਗਰਮੀ ਨਾਲ ਕੰਮ ਕਰਨ ਵਾਲੇ ਇਸ ਮਹਾਨ ਸਖ਼ਸ਼ ਨੂੰ ਹੁਣ ਗੁਰਦਿਆਂ ਦੀ ਨਾ ਮੁਰਾਦ ਬਿਮਾਰੀ ਨੇ ਇਸ ਕਦਰ ਜਕੜ ਲਿਆ ਹੈ ਕਿ ਉਹ ਨਾ ਚਾਹੁੰਦੇ ਹੋਏ ਵੀ ਮੰਜੇ ਦਾ ਹੋ ਕਿ ਰਹਿ ਗਿਆ ਹੈ, ਮਹੀਨੇ ਵਿੱਚ ਕਈ ਕਈ ਦਿਨ ਹਸਪਤਾਲਾਂ ਵਿੱਚ ਲੰਘਣ ਲੱਗ ਪਏ ਹਨ ਆਪਣੇ ਜੀਵਨ ਦੇ ਕਰੀਬ 32 ਸਾਲ ਪੰਜਾਬੀ ਪੱਤਰਕਾਰੀ ਅਤੇ ਲੋਕ ਹਿੱਤਾਂ ਲਈ ਲਗਾਉਣ ਵਾਲੇ ਇਸ ਸਖ਼ਸ਼ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਸਮਾਜ ਦੇ ਉਹ ਲੋਕ ਜਿਹਨਾਂ ਦੀ ਕੋਈ ਆਵਾਜ਼ ਨਹੀਂ ਬਣਦਾ ਉਹਨਾਂ ਦੀ ਇੱਕੋ ਇੱਕ ਆਸ ਰਾਜਿੰਦਰਜੀਤ ਕਾਲਾਬੂਲਾ ਹੀ ਹੈ, ਪਰ ਇੱਕ ਮਿਹਨਤਕਸ਼ ਕਿਰਤੀ ਪਰਿਵਾਰ ਦੇ ਇਸ ਅਣਥੱਕ ਪੁੱਤਰ ਨੂੰ ਆਏ ਦਿਨ ਹਸਪਤਾਲਾਂ ਦੇ ਵੱਡੇ ਖਰਚਾਂ ਨੇ ਜਿਵੇੰ ਥਕਾ ਦਿੱਤਾ ਹੋਵੇ, ਅਤੇ ਉਹ ਆਪਣੇ ਹਮਦਰਦੀਆਂ ਦੀ ਰਾਹ ਦੇਖ ਰਿਹਾ ਹੋਵੇ, ਸਾਰੀ ਉਮਰ ਅਸੂਲਾਂ ਤੇ ਅੜਨ ਤੇ ਖੜਨ ਵਾਲੇ ਲੋਕ ਜਿੰਦਗੀ ਦੇ ਪਿਛਲੇ ਹਿੱਸੇ ਵੀ ਕਦੇ ਹਾਲਤਾਂ ਅੱਗੇ ਖੁਦ ਝੁਕਦੇ ਨਹੀਂ ਹੁੰਦੇ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਸਨੂੰ ਅੱਜ ਮਿੱਤਰਾਂ ਤੇ ਸਨੇਹੀਆਂ ਦੀ ਮਦਦ ਦੀ ਲੋੜ ਹੈ, ਚਲੋ ਇੱਕ ਲੋਕ ਯੋਧੇ ਦੀ ਮਦਦ ਲਈ ਇੱਕ ਕਦਮ ਪੁੱਟੀਏ ਤਾਂ ਜੋ ਉਹ ਤੰਦਰੁਸਤ ਹੋ ਕਿ ਫਿਰ ਤੋਂ ਲੋਕਾਂ ਦੀ ਉਮੀਦ ਤੇ ਖਰਾ ਉੱਤਰ ਸਕੇ