ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਅਜੀਤਵਾਲ ਪੁਲੀਸ ਨੇ ਕੱਲ ਢੁੱਡੀਕੇ ਸੂਏ ਵਿਚੋਂ ਮਿਲੀ ਨੌਜਵਾਨ ਦੀ ਲਾਸ਼ ਦੀ ਗੁੱਥੀ ਸੁਲਝਾ ਲਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਿਹਾਲ ਸਿੰਘ ਵਾਲਾ ਪਰਸਨ ਸਿੰਘ, ਡੀ ਐੱਸ ਸੀ ਸੁਖਵਿੰਦਰ ਸਿੰਘ, ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਦਲਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਪ੍ਰੇਮ ਸਬੰਧ ਸਨ ਜੋ ਕਿ ਉਸਦੇ ਨਾਲ ਹੀ ਸਫਾਈ ਸੇਵਕ ਦਾ ਕੰਮ ਕਰਦਾ ਸੀ ।ਪ੍ਰੇਮ ਸੰਬੰਧਾਂ ਦੇ ਚੱਲਦੇ ਦੋਨਾਂ ਵੱਲੋਂ ਰਾਜਕੁਮਾਰ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਸੂਏ ਵਿੱਚ ਸੁੱਟ ਦਿੱਤੀ । ਕੱਲ ਪਿੰਡ ਢੁੱਡੀਕੇ ਵਿੱਚੋਂ ਲੰਘਦੇ ਸੂਏ ਵਿੱਚੋਂ ਕੁਝ ਨੌਜਵਾਨਾਂ ਨੇ ਤੈਰਦੀ ਹੋਈ ਲਾਸ਼ ਦੇਖੀ ਅਤੇ ਉਨ੍ਹਾਂ ਨੇ ਤੁਰੰਤ ਅਜੀਤਵਾਲ ਪੁਲੀਸ ਨੂੰ ਸੂਚਿਤ ਕੀਤਾ ਸੀ। ਪੁਲੀਸ ਵੱਲੋਂ ਲਾਸ਼ ਬਰਾਮਦ ਕਰ ਕੇ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਗਈ। ਮ੍ਰਿਤਕ ਨੌਜਵਾਨ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪਰਿਵਾਰ ਵੱਲੋਂ ਪੁਲੀਸ ਨਾਲ ਸੰਪਰਕ ਕੀਤਾ ਗਿਆ ਜਿਸ ਤੇ ਮਿ੍ਤਕ ਨੌਜਵਾਨ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਵਾਸੀ ਜਗਰਾਓਂ ਵਜੋਂ ਹੋਈ ਜੋ ਕਿ ਡਾਕਖਾਨੇ ਚ ਪੋਸਟਮੈਨ ਵਜੋਂ ਤੈਨਾਤ ਸੀ ਅਤੇ ਸ਼ਨੀਵਾਰ ਸ਼ਾਮ ਤੋ ਗਾਇਬ ਸੀ।ਪੁਲਸ ਵਲੋਂ ਬਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਜਦ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆਂ ਕਿ ਉਨ੍ਹਾਂ ਨੇ ਹੀ ਰਾਜ ਕੁਮਾਰ ਦਾ ਕਤਲ ਕੀਤਾ ਹੈ ।ਮਿ੍ਤਕ ਦੇ ਇੱਕ ਲੜਕਾ ਤੇ ਦੋ ਲੜਕੀਆਂ ਹਨ । ਪੁਲੀਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਕੱਲ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।