ਲੁਧਿਆਣਾ , ਜੂਨ 2019-( Manjider Gill)- ਮੌਸਮ ਵਿਭਾਗ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪੰਜਾਬ ਤੇ ਹਰਿਆਣਾ ਸਖ਼ਤ ਗਰਮੀ ਦੀ ਲਪੇਟ ’ਚ ਹਨ। ਪੰਜਾਬ ਦੇ ਅੰਮ੍ਰਿਤਸਰ ਦਾ ਤਾਪਮਾਨ 45.7 ਤੇ ਲੁਧਿਆਣਾ ਦਾ 44.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਪੰਜ ਡਿਗਰੀ ਵੱਧ ਹੈ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ ਵੀ ਅੱਜ 43.5 ਡਿਗਰੀ ਰਿਹਾ। ਚੰਡੀਗੜ੍ਹ ਵੀ 42.4 ਡਿਗਰੀ ਸੈਲਸੀਅਸ ਨਾਲ ਗਰਮੀ ਨੇ ਕਾਫ਼ੀ ਝੰਬਿਆ। ਗਰਮੀ ਦੀ ਮਾਰ ਭਲਕੇ ਵੀ ਇਸੇ ਤਰ੍ਹਾਂ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 3 ਜੂਨ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਰਿਆਣਾ ਦੇ ਨਾਰਨੌਲ ਦਾ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹਿਸਾਰ ਦਾ ਤਾਪਮਾਨ 45.6 ਡਿਗਰੀ ਤੇ ਅੰਬਾਲਾ ਦਾ 41.6 ਡਿਗਰੀ ਰਿਹਾ ਹੈ। ਚਿਤਾਵਨੀ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਲਈ ਵੀ ਜਾਰੀ ਕੀਤੀ ਗਈ ਹੈ ਜਿੱਥੇ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ ਹੈ। ਦਿੱਲੀ ਤੋਂ ਇਲਾਵਾ ਇਹ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਦੇ ਵੀ ਕੁਝ ਹਿੱਸਿਆਂ ਲਈ ਜਾਰੀ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਵਿਭਾਗ ਨੇ ਚਿਤਾਵਨੀ ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਤੋਂ ਗਰਮ ਹਵਾਵਾਂ ਤੇ ਲੂ ਵਗਣ ਮਗਰੋਂ ਜਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਦਾ ਤਾਪਮਾਨ ਔਸਤ ਨਾਲੋਂ ਚਾਰ ਡਿਗਰੀ ਵੱਧ 44.8 ਡਿਗਰੀ ਸੈਲਸੀਅਸ ਰਿਹਾ। ਉੱਤਰ ਪ੍ਰਦੇਸ਼ ਦੇ ਬਾਂਦਾ ਵਿਚ ਵੀ ਵੱਧ ਤੋਂ ਵੱਧ ਤਾਪਮਾਨ 48.4 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ, ਵੀਦਰਭ ਤੇ ਮੱਧ ਪ੍ਰਦੇਸ਼ ਵਿਚ ਸਥਿਤੀ ਅਗਲੇ ਪੰਜ ਦਿਨਾਂ ਤੱਕ ਜਿਉਂ ਦੀ ਤਿਉਂ ਬਣੀ ਰਹੇਗੀ ਜਦਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਦੱਖਣੀ ਉੱਤਰ ਪ੍ਰਦੇਸ਼ ਨੂੰ ਅਗਲੇ ਦੋ-ਤਿੰਨ ਦਿਨਾਂ ਵਿਚ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਦੇ ਊਨਾ, ਬਿਲਾਸਪੁਰ, ਹਮੀਰਪੁਰ ਤੇ ਮੰਡੀ ਵਿਚ ਵੀ ਪਾਰਾ ਅੱਜ ਚਾਲੀ ਡਿਗਰੀ ਤੋਂ ਉਤਾਂਹ ਹੀ ਰਿਹਾ। ਜਦਕਿ ਸ਼ਿਮਲਾ ਤੇ ਕੁਝ ਹੋਰ ਹਿੱਸਿਆਂ ਵਿਚ ਬਾਰਿਸ਼ ਪੈਣ ਨਾਲ ਰਾਹਤ ਮਿਲੀ ਹੈ। ਜੰਮੂ ਦਾ ਤਾਪਮਾਨ ਸ਼ਨਿਚਰਵਾਰ ਨੂੰ 43.6 ਡਿਗਰੀ ਦਰਜ ਕੀਤਾ ਗਿਆ।