ਜਗਰਾਓਂ, 15 ਜੁਨ (ਅਮਿਤ ਖੰਨਾ, ) ਬਾਰਿਸ਼ ਦੇ ਦਿਨਾਂ ਅਖਾੜਾ ਡਰੇਨ 'ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਅਕਸਰ ਪਾਣੀ ਦੀ ਮਾਰ ਹੇਠ ਆ ਜਾਂਦੀਆਂ ਸਨ ਜਿਸ ਦਾ ਹੁਣ ਪੱਕਾ ਹੱਲ ਉਸ ਸਮੇਂ ਹੁੰਦਾ ਨਜ਼ਰ ਆਇਆ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੇਤਰ 'ਚ ਹੜ੍ਹ ਦਾ ਕਰਨ ਬਣਦੀ ਰੂਮੀ-ਅਖਾੜਾ ਡਰੇਨ ਤੰਗ ਪੁਲੀ ਦੀ ਥਾਂ ਇਕ ਪਿੱਲਰ ਪੁਲ ਬਣਾਉਣ ਦੀ ਸ਼ੁਰੂਆਤ ਕਰਵਾ ਦਿੱਤੀ | ਇਸ ਸਬੰਧੀ ਪੁਲ ਬਣਾਉਣ ਦੇ ਕੰਮ ਦਾ ਟੱਕ ਲਾ ਕੇ ਉਦਘਾਟਨ ਕਰਨ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲ ਨਾ ਹੋਣ ਕਾਰਨ ਇਸ ਡਰੇਨ 'ਚ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਅਕਸਰ ਪਿਛਲੇ ਪਿੰਡ ਪਾਣੀ ਦੀ ਮਾਰ ਹੇਠ ਆ ਜਾਂਦੇ ਸਨ | ਪਰ ਹੁਣ ਪੁਲ ਬਣਨ ਨਾਲ ਉਕਤ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਕੈਪਟਨ ਸੰਧੂ ਨੇ ਦੱਸਿਆ ਕਿ ਇਹ ਪੁਲ ਮੰਡੀਕਰਨ ਬੋਰਡ ਵੱਲੋਂ ਬਣਾਇਆ ਜਾਵੇਗਾ ਜਿਸ 'ਤੇ ਕਰੀਬ 54 ਲੱਖ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ | ਉਨ੍ਹਾਂ ਦੱਸਿਆ ਕਿ ਨਜ਼ਦੀਕੀ ਬਾਰਿਸ਼ਾਂ ਦੇ ਮੌਸਮ ਨੂੰ ਧਿਆਨਹਿੱਤ ਰੱਖਦਿਆਂ ਇਹ ਪੁਲ ਨੂੰ ਸਿਰਫ਼ 45 ਦਿਨਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ | ਇਸ ਮੌਕੇ ਪੁਲ ਬਣਨ ਦੀ ਖ਼ੁਸ਼ੀ 'ਚ ਪਿੰਡਾਂ ਦੇ ਕਿਸਾਨਾਂ ਵੱਲੋਂ ਲੱਡੂ ਵੰਡੇ ਗਏ ਅਤੇ ਕੈਪਟਨ ਸੰਦੀਪ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਗਿਆ | ਪੁਲ ਦੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੈਪਟਨ ਸੰਧੂ ਨੇ ਖੁਦ ਦੀ ਥਾਂ ਬੁਜ਼ਰਗ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਸੁਖਦੇਵ ਸਿੰਘ (ਕਾਕਾ ਅਖਾੜਾ) ਹੱਥੋ ਰੀਬਨ ਕਟਵਾ ਕੇ ਕਰਵਾਈ | ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ, ਸਰਪੰਚ ਰਵਿੰਦਰ ਸਿੰਘ ਢੋਲਣ, ਸਰਪੰਚ ਕੁਲਦੀਪ ਸਿੰਘ ਰੂਮੀ, ਗੁਰਮੀਤ ਸਿੰਘ ਮਿੰਟੂ, ਜੇ.ਈ. ਪ੍ਰਮਿੰਦਰ ਸਿੰਘ ਢੋਲਣ, ਨਿਰਭੈ ਸਿੰਘ ਸੂਜਾਪੁਰ, ਰਣਜੋਧ ਸਿੰਘ ਢੋਲਣ, ਜਸਵੀਰ ਸਿੰਘ ਪੰਚ, ਰਾਜਪਾਲ ਸਿੰਘ ਆਦਿ ਆਗੂ ਹਾਜ਼ਰ ਸਨ |