ਸਿਓਲ, ਮਈ 2019 - ਉਤਰੀ ਕੋਰੀਆ ਵਲੋਂ ਅਮਰੀਕਾ ਲਈ ਵਿਸ਼ੇਸ਼ ਦੂਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੂਸਰੀ ਸਿਖਰ ਵਾਰਤਾ ਅਸਫਲ ਰਹਿਣ 'ਤੇ ਇਹ ਸਜ਼ਾ ਦਿੱਤੀ ਗਈ। ਇਸ ਸਬੰਧੀ ਦੱਖਣੀ ਕੋਰੀਆ ਦੇ ਇਕ ਅਖ਼ਬਾਰ ਨੇ ਰਿਪੋਰਟ ਛਾਪੀ ਹੈ। ਰਿਪੋਰਟ ਮੁਤਾਬਿਕ ਹਨੋਈ ਸਮਿਟ ਦੀ ਜ਼ਮੀਨ ਤਿਆਰ ਕਰਨ ਵਾਲੇ ਵਿਸ਼ੇਸ਼ ਦੂਤ ਕਿਮ ਹੀਓਕ ਚੋਲ ਨੂੰ ਗੋਲੀਬਾਰੀ ਦਲ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਚੋਲ 'ਤੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਗ਼ੱਦਾਰੀ ਕਰਨ ਦਾ ਦੋਸ਼ ਲਗਾਇਆ ਗਿਆ। ਮਿਰਿਮ ਏਅਰਪੋਰਟ 'ਤੇ ਚੋਲ ਦੇ ਨਾਲ ਵਿਦੇਸ਼ ਮੰਤਰਾਲਾ ਨਾਲ ਸਬੰਧ ਚਾਰ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਾਰਚ ਮਹੀਨੇ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।