ਕਿਸਾਨ ਅੰਦੋਲਨ ਹੁਣ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ.......
ਮਹਿਲ ਕਲਾਂ/ਬਰਨਾਲਾ-ਮਈ 2021 -(ਗੁਰਸੇਵਕ ਸਿੰਘ ਸੋਹੀ)-
ਭਾਰਤੀ ਕਿਸਾਨ ,ਮਜ਼ਦੂਰ ਯੂਨੀਅਨਾਂ ਵੱਲੋਂ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਆਪਣੀ ਹੋਂਦ ਦੀ ਲੜਾਈ ਲੜਦਿਆਂ ਅਤੇ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ਤੇ 6 ਮਹੀਨੇ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 400 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਦੀ ਜ਼ਿੰਮੇਵਾਰ ਮੋਦੀ ਦੀ ਸੈਂਟਰ ਸਰਕਾਰ ਹੈ। ਸੰਯੁਕਤ ਮੋਰਚੇ ਵਲੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਪਰ ਲੜੇ ਜਾ ਰਹੇ ਕਿਸਾਨੀ ਸੰਘਰਸ਼ ਵਿਚ ਵੱਖ-ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਨਾਲ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਕਿਸਾਨ, ਮਜ਼ਦੂਰ ,ਨੌਜਵਾਨ,ਅਤੇ ਮਿਹਨਤਕਸ਼ ਜਮਾਤ ਦੇ ਲੋਕਾਂ ਦੀ ਕਾਫ਼ਲਿਆਂ ਸਮੇਤ ਕੀਤੀ ਜਾ ਰਹੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣਾ ਕੇ ਰੱਖ ਦਿੱਤਾ ਹੈ। ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਦੇ ਵਧ ਰਹੇ ਪ੍ਰਭਾਵ ਤੋਂ ਘਬਰਾਈ ਹੋਈ ਕੇਂਦਰ ਸਰਕਾਰ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜੋ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਜਿਹੇ ਸੁਪਨੇ ਕਦੇ ਸਫਲ ਨਹੀਂ ਹੋਣ ਦੇਣਗੀਆਂ ।ਅਖੀਰ ਵਿੱਚ ਰਵਿੰਦਰ ਢਿੱਲੋਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਦੇਸ਼ ਦੇ ਸੂਬਿਆਂ ਅੰਦਰ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੋ ਇਲਾਵਾ ਹੋਰ ਵੱਖ-ਵੱਖ ਸੂਬਿਆਂ ਅੰਦਰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਕੇ ਕਿਸਾਨ ਅੰਦੋਲਨ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੇ ਕੀਤੇ ਗਏ ਵਿਰੋਧ ਸਦਕਾ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਵੱਡੀ ਸਟੇਟ ਪੱਛਮੀ ਬੰਗਾਲ ਵਿੱਚੋਂ ਬੀਜੇਪੀ ਦਾ ਬੁਰੀ ਤਰ੍ਹਾਂ ਸਫਾਇਆ ਕਰਕੇ ਕਿਸਾਨ ਆਗੂਆਂ ਨੇ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੁਣ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਨਮਾਨੀਆਂ ਕਿਸਾਨੀ ਮੋਰਚੇ ਕਦੇ ਨਹੀਂ ਚੱਲਣ ਦੇਣਗੇ। ਕੇਂਦਰ ਸਰਕਾਰ ਨੂੰ ਆਪਣੀ ਢੀਠਥਾ ਛੱਡਕੇ ਕਾਲੇ ਕਾਨੂੰਨ ਵਾਪਸ ਕਰਕੇ ਧਰਨਿਆਂ ਤੇ ਬੈਠੇ ਕਿਸਾਨਾਂ ਨੂੰ ਆਪਣੋ-ਆਪਣੇ ਘਰੋਂ-ਘਰੀ ਭੇਜਿਆ ਜਾਵੇ। ਜੇਕਰ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਖ਼ੁਦ ਰੱਦ ਹੋ ਜਾਵੇਗੀ ।