ਜਗਰਾਓਂ, 25 ਮਈ (ਅਮਿਤ ਖੰਨਾ ) ਜਗਰਾਓਂ ਇਲਾਕੇ ਦੀਆਂ 10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਅਕਾਲੀ ਲੀਡਰਸ਼ਿਪ ਅੱਜ ਬੀਡੀਪੀਓ ਦਫ਼ਤਰ ਜਾ ਪਹੁੰਚੀ। ਇਸ ਦੌਰਾਨ ਚਾਹੇ ਬੀਡੀਪੀਓ ਦਫ਼ਤਰ ਹਾਜ਼ਰ ਨਹੀਂ ਸਨ ਪਰ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਖਾਲੀ ਕੁਰਸੀ ਅੱਗੇ ਬੈਠ ਕੇ ਉਨ੍ਹਾਂ 'ਤੇ ਸ਼ਰੇਆਮ ਕਾਂਗਰਸੀਆਂ ਦੇ ਇਸ਼ਾਰੇ 'ਤੇ ਨਿਯਮਾਂ ਦੇ ਉਲਟ ਕੰਮ ਕਰਨ, ਅਕਾਲੀ ਪੰਚਾਇਤਾਂ ਨੂੰ ਪਰੇਸ਼ਾਨ ਕਰਨ ਅਤੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਕਾਂਗਰਸੀਆਂ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਾਬਕਾ ਵਿਧਾਇਕ ਐੱਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਬੀਡੀਪੀਓ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿੱਦੜਵਿੰਡੀ ਦੇ ਅਕਾਲੀ ਸਰਪੰਚ ਅਵਤਾਰ ਸਿੰਘ ਨੂੰ ਨਾਜਾਇਜ਼ ਮੁਲਤਵੀ ਕਰਦਿਆਂ ਉਸ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਡਾਇਰੈਕਟਰ ਵੱਲੋਂ ਬਾਕੀ ਦੇ ਪੰਚਾਂ 'ਚੋਂ ਇਕ ਨੂੰ ਆਧਾਰਿਤ ਸਰਪੰਚ ਚੁਣਨ ਦੇ ਹੁਕਮਾਂ ਤਕ ਨੂੰ ਦਰ-ਕਿਨਾਰ ਕਰਦਿਆਂ ਪ੍ਰਬੰਧਕ ਨਿਯੁਕਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ 7 ਅਤੇ ਕਾਂਗਰਸ ਦੇ 3 ਪੰਚ ਹੋਣ ਕਾਰਨ ਅੱਜ ਵੀ ਬਹੁਮਤ ਅਕਾਲੀ ਦਲ ਕੋਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀਡੀਪੀਓ ਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰੇਗਾ ਅਤੇ ਜੇ ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜ੍ਹਾਉਣ ਤੋਂ ਪਿੱਛੇ ਨਹੀਂ ਹਟੇਗਾ। ਇਸ ਮੌਕੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਪਰਮਿੰਦਰ ਸਿੰਘ ਚੀਮਾ, ਅਮਨਦੀਪ ਸਿੰਘ, ਸੁਖਦੇਵ ਸਿੰਘ, ਚਰਨਜੀਤ ਕੌਰ, ਹਰਬੰਸ ਕੌਰ, ਜਗਰੂਪ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।