You are here

ਸੁਧਾਰ ਅਤੇ ਨਵੀਂ ਅਬਾਦੀ ਅਕਾਲਗੜ ਦੇ ਦੁਕਾਨਦਾਰਾਂ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ, ਦੁਕਾਨਾਂ ਖੋਲਣ ਦੀ ਕੀਤੀ ਮੰਗ

ਸੁਧਾਰ 05 ਮਈ ( ਜਗਰੂਪ ਸਿੰਘ ਸੁਧਾਰ  ) 

ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ, ਜਿਸ ਦੇ ਚੱਲਦਿਆਂ ਕੁੱਝ ਦੁਕਾਨਾਂ ਜਿਵੇਂ ਮੈਡੀਕਲ, ਕਰਿਆਨਾ, ਮੋਬਾਇਲ ਰਿਪੇਅਰ, ਠੇਕੇ, ਖੇਤੀਬਾੜੀ ਨਾਲ ਸਬੰਧਿਤ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈ। ਪਰ ਦੂਸਰੇ ਪਾਸੇ ਸਰਕਾਰ ਵੱਲੋਂ ਜਿਹੜੀਆਂ ਦੁਕਾਨਾਂ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਹਨ, ਉਨਾਂ ਨੂੰ ਦੁਕਾਨਾਂ ਨੂੰ ਪ੍ਰਸ਼ਾਸ਼ਨ ਵੱਲੋਂ ਨਾ ਖੋਲਣ ਦੇਣ ਦੇ ਕਾਰਨ ਦੁਕਾਨਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਾਂ ਖੋਲਣ ਦੀ ਮੰਗ ਨੂੰ ਲੈ ਕੇ ਅੱਜ ਸੁਧਾਰ ਬਜਾਰ ਤੇ ਨਵੀਂ ਅਬਾਦੀ ਅਕਾਲਗੜ ਦੇ ਦੁਕਾਨਦਾਰਾਂ ਵੱਲੋਂ ਐਸ.ਡੀ.ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੂੰ ਮੰਗ ਪੱਤਰ ਦਿੱਤਾ ਗਿਆ। 
                ਇਸ ਮੌਕੇ ਸੁਧਾਰ ਬਾਜ਼ਾਰ ਦੇ ਪ੍ਰਧਾਨ ਸੰਜੀਵ ਕੁਮਾਰ, ਪ੍ਰਧਾਨ ਬਾਲ ਕਿ੍ਰਸ਼ਨ ਗਰਗ, ਮੀਤ ਪ੍ਰਧਾਨ ਸੰਦੀਪ ਸਿੰਘ ਆਦਿ ਦੁਕਾਨਦਾਰਾਂ ਨੇ ਕਿਹਾ ਕਿ ਪੇਂਡੂ ਖੇਤਰ ਦੇ ਦੁਕਾਨਦਾਰ ਹੀ ਲੋਕਾਂ ਦੀਆਂ ਰੋਜਾਨਾ ਦੀਆਂ ਜਰੂਰਤ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਦੇ ਹਨ ਅਤੇ ਜਿਆਦਾਤਰ ਦੁਕਾਨਦਾਰ ਕਿਰਾਏ ਤੇ ਦੁਕਾਨਾਂ ਲੈ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਾਂ ਬੰਦ ਕਰਨ ਦੀਆਂ ਦਿੱਤੀਆਂ ਹਦਾਇਤਾਂ ਕਾਰਨ ਜਿੱਥੇ ਉਹ ਆਪਣੇ ਪਰਿਵਾਰਾਂ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ, ਉੱਥੇ ਉਹ ਦੁਕਾਨਾਂ ਦਾ ਕਿਰਾਇਆ ਦੇਣ ਤੋਂ ਵੀ ਅਸਮਰੱਥ ਹਨ। ਉਨਾਂ ਕਿਹਾ ਕਿ ਪਿਛਲੇ ਸਾਲ ਵੀ ਕਈ ਮਹੀਨੇ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਹੁਣ ਮਸਾਂ ਉਨਾਂ ਦੇ ਕੰਮਾਂ ਦੀ ਗੱਡੀ ਲੀਹ ਤੇ ਆਈ ਸੀ, ਦੁਬਾਰਾ ਤੋਂ ਲਾਕਡਾਊਨ ਹੋਣ ਕਰਕੇ ਉਨਾਂ ਦੇ ਘਰਾਂ ਦਾ ਬੱਜਟ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਉਕਤ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਨਾਂ ਨੂੰ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਦੁਕਾਨਾਂ ਖੋਲਣ ਦੀ ਇਜਾਜਤ ਦਿੱਤੀ ਜਾਵੇ। ਉਹ ਵਿਸ਼ਵਾਸ ਦਿਵਾਉਂਦੇ ਹਨ, ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾਂ ਕਰਨਗੇ ਅਤੇ ਆਪਣੇ ਗ੍ਰਾਹਕਾਂ ਤੋਂ ਵੀ ਕੋਰੋਨਾ ਤੋਂ ਬਚਾਅ ਲਈ ਵੀ ਹਦਾਇਤਾਂ ਦੀ ਪਾਲਣਾ ਕਰਵਾਉਣਗੇ। ਇਸ ਸਬੰਧੀ ਜਦੋਂ ਐਸਡੀਐਮ ਹਿਮਾਂਸ਼ੂ ਗੁਪਤਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸੁਧਾਰ ਦੇ ਦੁਕਾਨਦਾਰਾਂ ਵੱਲੋਂ ਜੋ ਮੰਗ ਪੱਤਰ ਸੌਂਪਿਆ ਗਿਆ ਹੈ, ਉਹ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਲੁਧਿਅਾਣਾ ਨੂੰ ਭੇਜ ਦਿੱਤਾ ਹੈ, ਉਨਾਂ ਵੱਲੋਂ ਜੋ ਵੀ ਆਦੇਸ਼ ਆਉਣਗੇ, ਉਸ ਅਨੁਸਾਰ ਦੁਕਾਨਦਾਰਾਂ ਨੂੰ ਦੱਸ ਦਿੱਤਾ ਜਾਵੇਗਾ।
           ਇਸ ਮੌਕੇ ਜਸਵੰਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਪਰਦੀਪ ਸਿੰਘ, ਹਰਦੀਪ ਸਿੰਘ, ਮਾਨ ਸਿੰਘ, ਤਲਵਿੰਦਰ ਸਿੰਘ, ਤੇਜਿੰਦਰ ਸਿੰਘ, ਵਸੀਮ, ਕਰਮਜੀਤ ਸਿੰਘ, ਜੱਗੀ ਸੰਘੇੜਾ, ਡਿੰਪਲ ਕੁਮਾਰ, ਰਾਕੇਸ਼ ਕੁਮਾਰ, ਗੁਲਸ਼ਨ ਕੁਮਾਰ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।