ਜੇ ਪੀ ਐਮ ਓ ਵੱਲੋਂ ਕਾਰਪੋਰੇਟ ਤੇ ਸਾਮਰਾਜੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣ ਦਾ ਸੱਦਾ
ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚਾ (ਜੇ.ਪੀ. ਐਮ.ਓ) ਜਿਲ੍ਹਾ ਬਰਨਾਲਾ ਨੇ ਤਰਕਸ਼ੀਲ ਚੌਂਕ ਵਿੱਚ ਸਥਿਤ ਪੀ. ਡਬਲਿਯੂ.ਡੀ.ਫੀਲਡ ਤੇ ਵਰਕਸ਼ਾਪ ਯੂਨੀਅਨ ਦੇ ਦਫਤਰ ਵਿਖੇ ਅਤੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਫਰੇਰਾ ਝੁਲਾ ਕੇ ਮਈ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਸੂਬਾਈ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ, ਹਰਿੰਦਰ ਮੱਲ੍ਹੀਆਂ ਅਤੇ ਦਰਸ਼ਨ ਚੀਮਾ ਨੇ ਕਿਹਾ ਕਿ ਇੱਕ ਮਈ ਦਾ ਮਜ਼ਦੂਰ ਦਿਹਾੜਾ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਅੱਜ ਦੇ ਇਤਿਹਾਸਿਕ ਦਿਨ ਸ਼ਿਕਾਗੋ ਵਿਖੇ ਟ੍ਰੇਡ ਯੂਨੀਅਨਾਂ ਦੇ ਝੰਡੇ ਥੱਲੇ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਨੇ ਕੁਰਬਾਨੀਆਂ ਦੇ ਕੇ ਆਪਣੀ ਦਿਹਾੜੀ ਨੂੰ ਅੱਠ ਘੰਟੇ ਸਮਾਂਬੱਧ ਕੀਤਾ, ਇਸ ਤੋਂ ਪਹਿਲਾਂ ਮਜਦੂਰਾਂ ਤੋਂ 16-16 ਘੰਟੇ ਕੰਮ ਲਿਆ ਜਾਂਦਾ ਸੀ।
ਇਸ ਮੌਕੇ ਜੇ.ਪੀ.ਐਮ.ਓ ਦੇ ਆਗੂ ਮਲਕੀਤ ਸਿੰਘ,ਪੀ ਡਬਲਿਯੂ. ਡੀ. ਯੂਨੀਅਨ ਦੇ ਆਗੂ ਜਗਵਿੰਦਰ ਪਾਲ ਹੰਡਿਆਇਆ,ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਾਮਰਾਜੀ ਨੀਤੀਆਂ ਦੇ ਦਬਾਅ ਹੇਠਾਂ ਆ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਲਈ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਤੇ ਕਿਰਤ ਵਿਰੋਧੀ ਸੋਧਾਂ ਕਰ ਰਹੀਆਂ ਹਨ ਜਿਸ ਕਾਰਨ ਕਿਰਤੀ ਵਰਗ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠਾਂ ਧਨਾਢਾਂ ਨੂੰ ਦੇਸ਼ ਦਾ ਖਜ਼ਾਨਾ ਲੁੱਟਾਇਆ ਜਾ ਰਿਹਾ ਹੈ। ਨਵੇਂ ਖੇਤੀ ਕਾਨੂੰਨ ਇਸੇ ਸਾਮਰਾਜੀਆਂ ਨੇ ਹੀ ਲਾਗੂ ਕੀਤੇ ਹਨ ।
ਇਸ ਮੌਕੇ ਆਗੂਆਂ ਨਰਿੰਦਰ ਕੁਮਾਰ ਹੰਡਿਆਇਆ, ਬੇਅੰਤ ਸਿੰਘ, ਅਮਰੀਕ ਸਿੰਘ ਭੱਦਲਵੱਢ ਅਤੇ ਈਸ਼ਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਭਿਆਨਕ ਬਿਮਾਰੀ ਕਰੋਨਾ ਨਾਲ ਲੜਨ ਲਈ ਕੋਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਇਸ ਦੀ ਆੜ ਲੈ ਕੇ ਮੁਲਾਜ਼ਮ, ਮਜ਼ਦੂਰ ਤੇ ਲੋਕ ਵਿਰੋਧੀ ਫੈਸਲੇ ਲੈ ਕੇ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਹਨ ਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਮੌਕੇ ਸਮੇਂ ਦੀਆਂ ਸਾਮਰਾਜੀ ਤੇ ਕਾਰਪੋਰੇਟ ਪੱਖੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।