ਬੰਗਾ, (ਜਨ ਸ਼ਕਤੀ ਨਿਊਜ) ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਅੱਜ ਪਿੰਡ ਖਟਕੜ ਕਲਾਂ ’ਚ ਪੁੱਜ ਕੇ ਨਵੇਂ ਅਹੁਦੇ ਦਾ ਮਿਲਿਆ ਪ੍ਰਮਾਣ ਪੱਤਰ ਸ਼ਹੀਦਾਂ ਦੇ ਚਰਨਾਂ ’ਚ ਰੱਖਿਆ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ’ਤੇ ਸਿਜਦਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਸੰਘਰਸ਼ ਲੋਕਾਂ ਦੀ ਭਲਾਈ ਲਈ ਹੋਰ ਮਜ਼ਬੂਤ ਹੋ ਕੇ ਚੱਲੇਗਾ। ਉਨ੍ਹਾਂ ਹੋਕਾ ਦਿੱਤਾ ਕਿ ਸਮਾਜਿਕ ਤਬਦੀਲੀ ਲਈ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ।
ਉਨ੍ਹਾਂ ਸਮਾਰਕ ’ਤੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਸਭ ਵਰਗਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਸਰਕਾਰ ਤੱਕ ਆਵਾਜ਼ ਪੁੱਜਦੀ ਕਰਨਗੇ। ਭਗਵੰਤ ਮਾਨ ਨੇ ਇਸ ਮੌਕੇ ਕਿਸੇ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਕੀਤੀ ਤੇ ਮੀਡੀਆ ਨੂੰ ਇਸ ਸਬੰਧੀ ਕੋਈ ਸਵਾਲ ਨਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ’ ਦੇ ਨਾਅਰੇ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਵਿਧਾਇਕ ਰਪਿੰਦਰ ਕੌਰ ਰੂਬੀ, ਅਮਨ ਅਰੋੜਾ, ਜੈ ਸਿੰਘ ਰੋੜੀ, ਸਰਬਜੀਤ ਕੌਰ ਮਾਣੂਕੇ ਤੇ ਕੁਲਤਾਰ ਸਿੰਘ ਸੰਧਵਾਂ ਆਦਿ ਸ਼ਾਮਲ ਸਨ।
ਹਲਕੇ ਅੰਦਰ ਵਿਧਾਨ ਸਭਾ ਚੋਣਾਂ ’ਚ 42 ਹਜ਼ਾਰ ਵੋਟ ਪ੍ਰਾਪਤ ਕਰਨ ਵਾਲੀ ਬੰਗਾ ਟੀਮ ਲੰਬੇ ਅਰਸੇ ਤੋਂ ਚੁੱਪ ਸੀ। ਅੱਜ ਭਗਵੰਤ ਮਾਨ ਦੀ ਆਮਦ ਤੋਂ ਬਾਅਦ ਟੀਮ ਖ਼ੁਸ਼ ਨਜ਼ਰ ਆਈ। ਇਸ ਮੌਕੇ ਵਰਕਰਾਂ ਦੇ ਨਾਲ ਨਾਲ ਆਮ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।