ਜੀਐਨਐਮ ਦਾ ਕੋਰਸ ਕਰਕੇ ਨਰਸ ਬਣਨ ਤੇ ਕੰਪਿਊਟਰ ਲਾਈਨ ’ਚ ਜਾਣ ਦਾ ਸੁਪਨਾ ਸਜੋਈ ਬੈਠੀਆਂ ਸਕੀਆਂ ਭੈਣਾਂ ਦੇ ਪਰਿਵਾਰ ਦੇ ਸੁਪਨੇ ਹੋਏ ਚਕਨਾਚੂਰ
ਬਾਘਾਪੁਰਾਣਾ,ਮਾਰਚ 2021-( ਜਸਮੇਲ ਗਾਲਿਬ/ਰਾਣਾ ਸ਼ੇਖਦੌਲਤ)-
ਜੀਐਨਐਮ ਦਾ ਕੋਰਸ ਕਰਕੇ ਨਰਸ ਬਨਣ ਅਤੇ ਬੀਸੀਏ ਕਰਕੇ ਕੰਪਿਊਟਰ ਲਾਇਨ 'ਚ ਜਾਣ ਦਾ ਸੁਪਨਾ ਸਜੋਈ ਬੈਠੀਆਂ ਪਿੰਡ ਸੇਖਾ ਖੁਰਦ ਦੀਆਂ ਦੋ ਸਕੀਆਂ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਵੀਰਵਾਰ ਨੂੰ ਪਿੰਡ ਸੇਖਾ ਖੁਰਦ ਦੇ ਇਕ ਨੌਜਵਾਨ ਵੱਲੋਂ ਪਿੰਡ ਦੀਆਂ ਹੀ ਦੋ ਸਕੀਆਂ ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਵਾਲੀ ਘਟਨਾ ਨਾਲ ਪਿੰਡ ਦੀ ਹਰ ਅੱਖ ਨਮ ਹੈ ਅਤੇ ਪਿੰਡ ਵਾਸੀਆਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਦਰੇ ਗਏ ਹਨ। ਪਰਿਵਾਰ ਵਿੱਚੋਂ ਦੋ ਸਕੀਆਂ ਭੈਣਾਂ ਦੇ ਇਕਲੌਤੇ ਭਰਾ, ਮਾਂ ਬਾਪ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਗੁੰਮਸੁੰਮ ਹਨ ਅਤੇ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਤੋਂ ਸਿਵਾਏ ਕੁਝ ਵੀ ਨਹੀਂ ਕਹਿ ਰਹੇ।
ਜ਼ਿਕਰਯੋਗ ਹੈ ਕਿ ਪਿੰਡ ਸੇਖਾ ਵਿਖੇ ਇਕੋ ਪਰਿਵਾਰ ਦੀਆਂ ਦੋ ਜਵਾਨ ਧੀਆਂ ਨੂੰ ਪਿੰਡ ਦੇ ਹੀ ਸਰਪੰਚ ਦੇ ਪੁੱਤਰ ਨੇ ਗੋਲੀਆਂ ਮਾਰ ਕੇ ਵੀਰਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਸਾਰੇ ਪਿੰਡ ਅੰਦਰ ਸੋਗ ਦੀ ਲਹਿਰ ਫੈਲ ਗਈ ਅਤੇ ਹਰੇਕ ਵਿਅਕਤੀ ਇਸ ਅਣਹੋਣੀ ਘਟਨਾ ਲਈ ਦੋਸ਼ੀ ਨੂੰ ਸਖ਼ਤ ਤੋਂ ਸਖਤ ਸਜਾ ਦਿਵਾਉਣ ਦੀ ਵਕਾਲਤ ਕਰਦਾ ਨਜਰ ਆ ਰਿਹਾ ਸੀ।
ਬੀਤੀ ਸ਼ਾਮ ਪਿੰਡ ਸੇਖਾ ਦਾ ਇਕ ਨੌਜਵਾਨ ਗੁਰਬੀਰ ਸਿੰਘ ਇਸੇ ਹੀ ਪਿੰਡ ਦੀਆਂ ਦੋ ਲੜਕੀਆਂ ਨਾਲ ਪਿੰਡ ਮਾਣੂੰਕੇ ਪਹੁੰਚਿਆ ਅਤੇ ਉਸ ਨੇ ਇਨ੍ਹਾਂ ਲੜਕੀਆਂ ਨੂੰ ਗੋਲੀਆਂ ਮਾਰ ਕੇ ਸੜਕ ਤੇ ਸੁੱਟ ਦਿੱਤਾ ਅਤੇ ਆਪ ਆਲਟੋ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ। ਕਾਫੀ ਜੱਦੋ ਜਹਿਦ ਬਾਅਦ ਪੁਲਿਸ ਨੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ। ਪ੍ਰੰਤੂ ਜਖ਼ਮੀ ਹਾਲਤ ਵਿਚ ਲੜਕੀਆਂ ਵਿਚੋਂ ਇਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੀ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਅਧੀਨ ਸੀ ਉਸ ਨੇ ਵੀ ਬਾਅਦ ਵਿੱਚ ਦਮ ਤੋੜ ਦਿੱਤਾ।
ਲੜਕੀਆਂ ਦੇ ਪਿਤਾ ਹਰਮੇਲ ਸਿੰਘ ਅਤੇ ਮਾਤਾ ਵਾਸੀ ਸੇਖਾ ਖੁਰਦ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਅਮਨਪ੍ਰੀਤ ਕੌਰ ਬੀਸੀਏ ਭਾਗ ਤੀਜਾ ਦੀ ਵਿਦਿਆਰਥਣ ਸੀ ਅਤੇ ਦੂਸਰੀ ਬੇਟੀ ਕੰਵਲਪ੍ਰਰੀਤ ਕੌਰ ਜੀਐਨਐਮ ਦਾ ਕੋਰਸ ਕਰ ਰਹੀਆਂ ਰਹੀਆਂ ਸਨ। ਵੱਡੀ ਭੈਣ ਨੇ ਆਪਣੇ ਪੇਪਰ ਵਗ਼ੈਰਾ ਦੇਣ ਜਾਣਾ ਸੀ ਅਤੇ ਨਾਲ ਛੋਟੀ ਭੈਣ ਵੀ ਚਲੀ ਗਈ। ਉਕਤ ਵਿਅਕਤੀ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਾਰ 'ਚ ਬਿਠਾ ਕੇ ਲੈ ਗਿਆ ਅਤੇ ਮਾਣੂੰਕੇ ਪਿੰਡ ਜਾ ਕੇ ਗੋਲੀਆਂ ਮਾਰ ਕੇ ਆਪ ਫਰਾਰ ਹੋ ਗਿਆ। ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀ ਵਿਅਕਤੀ ਨੂੰ ਅਜਿਹੀ ਸਜਾ ਮਿਲੇ ਜੋ ਮਿਸਾਲ ਬਣੇ ਤਾਂ ਜੋ ਦੂਸਰਿਆਂ ਦੀਆਂ ਧੀਆਂ ਭੈਣਾਂ ਸੁਰੱਖਿਅਤ ਰਹਿਣ। ਪ੍ਰੰਤੂ ਦੋਸ਼ੀ ਨੇ ਸਾਡਾ ਹੱਸਦਾ ਵੱਸਦਾ ਘਰ ਉਜਾੜ ਕੇ ਹੀ ਰੱਖ ਦਿੱਤਾ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਅਤੇ ਸਹਿਯੋਗੀ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਵਕਾਲਤ ਕਰ ਰਹੇ ਸਨ, ਕਿਉਂਕਿ ਦੋਸ਼ੀ ਨੇ ਦਿਨ ਦਿਹਾੜੇ ਦੋ ਨੌਜਵਾਨ ਲੜਕੀਆਂ ਨੂੰ ਗੋਲੀਆਂ ਨਾਲ ਭੁੰਨਿਆ ਸੀ।
ਦੇਰ ਰਾਤ ਕਤਲ ਹੋਈਆਂ ਦੋਵੇਂ ਭੈਣਾਂ ਦੀ ਲਾਸਾਂ ਜਿਉਂ ਹੀ ਪੋਸਮਾਰਟਮ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵਲੋਂ ਪਿੰਡ ਸੇਖਾ ਖੁਰਦ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰਨ ਲਈ ਲਿਆਂਦੀਆਂ ਗਈਆਂ ਤਾਂ ਇਕੱਤਰ ਪਰਿਵਾਰਕ ਤੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਦੋਸ਼ੀ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਉਸ ਸਮੇਂ ਤਕ ਲੜਕੀਆਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਫਿਲਹਾਲ ਲਾਸ਼ਾਂ ਨੂੰ ਘਰ ਵਿਚ ਰੱਖਿਆ ਗਿਆ ਹੈ।
ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਥਾਣਾ ਸਮਾਲਸਰ ਤਹਿਤ ਪੈਂਦੇ ਪਿੰਡ ਸੇਖਾ ਖੁਰਦ ਦੇ ਵਸਨੀਕ ਗੁਰਬੀਰ ਸਿੰਘ, ਜਿਸ 'ਤੇ ਦੋ ਭੈਣਾਂ ਨੂੰ ਗੋਲੀ ਮਾਰਨ ਦੇ ਇਲਜ਼ਾਮ ਹਨ, ਨੂੰ ਪੁਲਿਸ ਨੇ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਹੈ।
ਅਦਾਲਤ ਵਿਚ ਜੱਜ ਅਮਨਦੀਪ ਕੌਰ ਨੇ ਮੁਲਜ਼ਮ ਗੁਰਬੀਰ ਵਾਸੀ ਸੇਖਾ ਖੁਰਦ (ਮੋਗਾ) ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਗੁਰਬੀਰ ਤੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਯਾਦ ਰਹੇ ਲੰਘੇ ਵੀਰਵਾਰ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੇ ਬੱਸ ਅੱਡੇ ਲਾਗੇ ਦੋ ਸਕੀਆਂ ਭੈਣਾਂ ਨੂੰ ਗੁਰਬੀਰ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਜ਼ਿਲ੍ਹਾ ਮੋਗਾ ਦੇ ਪੁਲਿਸ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਮੁਲਜ਼ਮ ਗੁਰਬੀਰ ਸਿੰਘ ਨੂੰ 24 ਘੰਟਿਆਂ ਵਿਚ ਕਾਬੂ ਕਰ ਲਿਆ ਸੀ। ਗੁਰਬੀਰ ਸਾਬਕਾ ਕਾਂਗਰਸੀ ਸਰਪੰਚ ਜਗਦੇਵ ਸਿੰਘ ਦਾ ਪੁੱਤਰ ਹੈ।