You are here

ਮੋਦੀ ਦੀ ਇਤਿਹਾਸਕ ਜਿੱਤ

ਨਵੀਂ ਦਿੱਲੀ, ਮਈ ਭਾਜਪਾ ਨੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੋਦੀ ਲਹਿਰ ਦੇ ਸਿਰ ’ਤੇ ਅੱਜ ਮੁੜ ਸੱਤਾ ਵਿੱਚ ਵਾਪਸੀ ਕੀਤੀ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਵਾਦ, ਸੁਰੱਖਿਆ, ਹਿੰਦੂਆਂ ਦੇ ਗੌਰਵ ਤੇ ਨਵੇਂ ਭਾਰਤ ਦੇ ਦਿੱਤੇ ਸੁਨੇਹੇ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਕਾਂਗਰਸ ਦੇ ‘ਨਿਆਂ’ ਨਾਲੋਂ ਦੇਸ਼ ਦੇ ਚੌਕੀਦਾਰ ਨੂੰ ਤਰਜੀਹ ਦਿੱਤੀ। ਆਖਰੀ ਖ਼ਬਰਾਂ ਮਿਲਣ ਤਕ ਭਾਜਪਾ 292 ਸੀਟਾਂ ਉੱਤੇ ਜਦੋਂਕਿ ਪਾਰਟੀ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ 344 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ 89 ਸੀਟਾਂ ’ਤੇ ਅੱਗੇ ਸੀ। ਕਾਂਗਰਸ ਹਾਲਾਂਕਿ 51 ਸੀਟਾਂ ਨਾਲ ਇਸ ਦੌੜ ਵਿੱਚ ਕਿਤੇ ਪੱਛੜ ਗਈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੰਸਦੀ ਸੀਟ 4.79 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸੰਸਦੀ ਸੀਟ ਤੋਂ ਹਾਰ ਗਏ ਜਦੋਂਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਤੋਂ ਉਨ੍ਹਾਂ ਸਾਢੇ ਛੇ ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੇ ਰਾਏਬਰੇਲੀ ਸੀਟ 1,67,170 ਵੋਟਾਂ ਨਾਲ ਜਿੱਤ ਲਈ ਹੈ। ਕਾਂਗਰਸ ਨੂੰ ਪੰਜਾਬ ਤੇ ਕੇਰਲ ਤੋਂ ਛੁੱਟ ਬਾਕੀ ਰਾਜਾਂ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਸੰਸਦੀ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਜ਼ਬਰਦਸਤ ਹਾਰ ਮਗਰੋਂ ਅਸਤੀਫਾ ਦੇ ਦਿੱਤਾ ਹੈ। ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਨੇ ਸੂਬੇ ਵਿੱਚ ਸੰਸਦੀ ਤੇ ਅਸੈਂਬਲੀ ਚੋਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਕ੍ਰਮਵਾਰ 19 ਤੇ 5 ਸੀਟਾਂ ’ਤੇ ਲੀਡ ਲੈਣ ਵਿੱਚ ਸਫ਼ਲ ਰਹੀ ਹੈ।
ਮੌਜੂਦਾ ਰੁਝਾਨਾਂ ਮੁਤਾਬਕ ਭਾਜਪਾ 2014 ਦੀਆਂ ਸੰਸਦੀ ਚੋਣਾਂ ਵਿੱਚ ਵਿਖਾਈ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਦੀ ਹੈ। ਭਾਜਪਾ ਨੇ ਉਦੋਂ 282 ਸੀਟਾਂ ’ਤੇ ਆਪਣੇ ਦਮ ’ਤੇ ਸਫ਼ਲਤਾ ਹਾਸਲ ਕੀਤੀ ਸੀ। ਐਨਡੀਏ ਨੇ ਪੰਜ ਸਾਲ ਪਹਿਲਾਂ 336 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਤੇ ਐਤਕੀਂ ਇਹ ਅੰਕੜਾ 343 ਨੂੰ ਪੁੱਜਣ ਦੇ ਆਸਾਰ ਹਨ। ਇਸ ਦੌਰਾਨ ਮੌਜੂਦਾ ਰੁਝਾਨਾਂ ਦੇ ਚਲਦਿਆਂ ਸ਼ੇਅਰ ਬਾਜ਼ਾਰ ਪਹਿਲੀ ਵਾਰ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਰੁਪਿਆ ਡਾਲਰ ਦੇ ਮੁਕਾਬਲੇ 16 ਪੈਸੇ ਦੀ ਮਜ਼ਬੂਤੀ ਨਾਲ 69.51 ਨੂੰ ਜਾ ਪੁੱਜਾ।
ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਆਈ ਮੋਦੀ ਨਾਂ ਦੀ ਸੁਨਾਮੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਬਿਹਾਰ, ਉੱਤਰਾਖੰਡ, ਝਾਰਖੰਡ ਜਿਹੇ ਰਾਜਾਂ ਨੇ ਅਹਿਮ ਯੋਗਦਾਨ ਪਾਇਆ। ਪੱਛਮੀ ਬੰਗਾਲ ਤੇ ਉੜੀਸਾ ਵਿੱਚ ਦਾਖ਼ਲੇ ਨਾਲ ਭਾਜਪਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਨੇ 542 ਮੈਂਬਰੀ ਲੋਕ ਸਭਾ ਵਿੱਚ 26 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਤੇ ਉਹ 278 ਸੀਟਾਂ ’ਤੇ ਅੱਗੇ ਸੀ। ਕਾਂਗਰਸ 43 ਸੀਟਾਂ ’ਤੇ ਅੱਗੇ ਸੀ ਤੇ ਸੱਤ ਸੀਟਾਂ ਉਹਦੀ ਝੋਲੀ ਪੈ ਚੁੱਕੀਆਂ ਸਨ। ਸ੍ਰੀ ਮੋਦੀ ਨੇ ਵਾਰਾਨਸੀ ਸੰਸਦੀ ਸੀਟ ਤੋਂ ਸਪਾ ਦੀ ਸ਼ਾਲਿਨੀ ਯਾਦਵ ਨੂੰ 4,79,505 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਗ੍ਰਹਿ ਰਾਜ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਸਾਢੇ ਪੰਜ ਲੱਖ ਵੋਟਾਂ ਨਾਲ ਅੱਗੇ ਸਨ।
ਸਿਆਸੀ ਤੌਰ ’ਤੇ ਅਹਿਮ ਰਾਜ ਉੱਤਰ ਪ੍ਰਦੇਸ਼ ਵਿੱਚ ਸਪਾ-ਬਸਪਾ ਵੱਲੋਂ ਦਿੱਤੀ ਸਖ਼ਤ ਚੁਣੌਤੀ ਦੇ ਬਾਵਜੂਦ ਭਾਜਪਾ ਦੋ ਸੀਟਾਂ ’ਤੇ ਜਿੱਤ ਨਾਲ ਕੁੱਲ 80 ਸੀਟਾਂ ’ਚੋਂ 59 ਸੀਟ ’ਤੇ ਅੱਗੇ ਸੀ। ਸਪਾ ਤੇ ਬਸਪਾ ਕ੍ਰਮਵਾਰ ਛੇ ਤੇ 10 ਸੀਟਾਂ ’ਤੇ ਅੱਗੇ ਸਨ। ਬਸਪਾ ਪੰਜ ਸਾਲ ਪਹਿਲਾਂ ਖਾਤਾ ਖੋਲ੍ਹਣ ਤੋਂ ਵੀ ਖੁੰਝ ਗਈ ਸੀ। ਉਂਜ ਸਪਾ-ਬਸਪਾ ਗੱਠਜੋੜ ਵੱਡੇ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਿਹਾ। ਭਾਜਪਾ ਨੇ ਹਾਲਾਂਕਿ ਇਸ ਸਭ ਤੋਂ ਵੱਡੇ ਰਾਜ ਵਿੱਚ ਪਿਛਲੀ ਵਾਰ 71 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਪਰ ਪਾਰਟੀ ਨੇ ਚੋਣ ਸਰਵੇਖਣਾਂ ਵਿੱਚ ਦਰਸਾਏ ਅੰਕੜਿਆਂ ਨਾਲੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗਾਂਧੀ ਪਰਿਵਾਰ ਦਾ ਗੜ੍ਹ ਕਹੇ ਜਾਂਦੇ ਅਮੇਠੀ ਤੋਂ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਸ਼ਿਕਸਤ ਦਿੱਤੀ। ਮੱਧ ਪ੍ਰਦੇਸ਼ ਵਿੱਚ ਭਾਜਪਾ ਕੁੱਲ 29 ਸੰਸਦੀ ਸੀਟਾਂ ’ਚੋਂ 28 ’ਤੇ ਅੱਗੇ ਸੀ। ਰਾਜਸਥਾਨ ਵਿੱਚ ਭਾਜਪਾ ਹੂੰਝਾ ਫੇਰਦਿਆਂ ਸਾਰੀਆਂ 25 ਸੀਟਾਂ ’ਤੇ ਅੱਗੇ ਸੀ। ਉਧਰ ਛੱਤੀਸਗੜ੍ਹ ਵਿੱਚ ਭਾਜਪਾ ਤੇ ਕਾਂਗਰਸ ਕ੍ਰਮਵਾਰ 9 ਤੇ 2 ਸੀਟਾਂ ’ਤੇ ਅੱਗੇ ਸਨ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਭਾਜਪਾ ਦੇ ਦਸ ਦੀਆਂ ਦਸ ਸੀਟਾਂ ’ਤੇ ਭਗਵੇਂ ਰੰਗ ਦਾ ਝੰਡਾ ਗੱਡਣ ਦੇ ਪੂਰੇ ਆਸਾਰ ਹਨ। ਭਾਜਪਾ ਦੇ ਅਮਿਤ ਮਾਲਵੀਆ ਨੇ ਕਿਹਾ, ‘ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਲੋਕ ਡਰ ਹੇਠ ਜਿਊਣ ਲਈ ਮਜਬੂਰ ਹਨ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਗਲੀ ਸਰਕਾਰ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਸਾਨੂੰ ਇਸ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਮੋਦੀ ਸਰਕਾਰ ਨੂੰ ਕਮਜ਼ੋਰ ਅਰਥਚਾਰਾ ਵਿਰਾਸਤ ਵਿੱਚ ਮਿਲਿਆ ਸੀ ਤੇ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।’ ਉੜੀਸਾ ਦੀਆਂ ਕੁੱਲ 21 ਸੰਸਦੀ ਸੀਟਾਂ ’ਚੋਂ ਬੀਜੂ ਜਨਤਾ ਦਲ ਤੇ ਭਾਜਪਾ ਕ੍ਰਮਵਾਰ 16 ਤੇ 5 ਸੀਟਾਂ ਨਾਲ ਅੱਗੇ ਹਨ। ਸਾਲ 2014 ਵਿੱਚ ਸੱਤਾਧਾਰੀ ਬੀਜੇਡੀ ਨੇ ਇਥੇ 20 ਸੰਸਦੀ ਸੀਟਾਂ ਜਿੱਤੀਆਂ ਸਨ ਜਦੋਂਕਿ ਭਾਜਪਾ ਦੇ ਖਾਤੇ ’ਚ ਇਕ ਸੀਟ ਆਈ ਸੀ। ਉਂਜ ਬੀਜੂ ਪਟਨਾਇਕ ਦੀ ਅਗਵਾਈ ਵਾਲੇ ਬੀਜੇਡੀ ਨੇ ਸੰਸਦੀ ਚੋਣਾਂ ਦੇ ਨਾਲ ਹੀ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਸੱਤਾ ਵਿੱਚ ਵਾਪਸੀ ਕੀਤੀ ਹੈ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਕੁੱਲ 42 ਸੀਟਾਂ ’ਚੋਂ 23 ਸੀਟਾਂ ’ਤੇ ਅੱਗੇ ਸੀ ਜਦੋਂਕਿ ਭਾਜਪਾ ਨੇ 19 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਸੀ। ਖੱਬੀਆਂ ਪਾਰਟੀਆਂ ਦਾ ਐਤਕੀਂ ਸੂਬੇ ’ਚ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਤਾਮਿਲ ਨਾਡੂ ਵਿੱਚ ਡੀਐੱਮਕੇ 20 ਸੀਟਾਂ ’ਤੇ ਅਤੇ ਅੰਨਾ ਡੀਐੱਮਕੇ ਦੋ ਸੀਟਾਂ ’ਤੇ ਅੱਗੇ ਸੀ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ 20 ਵਿਚੋਂ 19 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਦਿੱਲੀ ਵਿੱਚ ਵੀ ਭਾਜਪਾ ਨੇ ਸਾਰੀਆਂ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਜਿੱਤ ਦਰਜ ਕੀਤੀ। ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਤੇ ਸੂਫੀ ਗਾਇਕ ਹੰਸ ਰਾਜ ਲੋਕ ਸਭਾ ਚੋਣ 5.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ।