-ਭਾਰਤ ਨੂੰ ਸੰਸਾਰ ਦਾ ਮੋਹਰੀ ਦੇਸ਼ ਬਣਾਉਣ 'ਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ
-ਅੱਜ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ
ਲੁਧਿਆਣਾ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)
ਇਹ ਮੰਨਦੇ ਹੋਏ ਕਿ ਨਾਰੀ ਸ਼ਸ਼ਕਤੀਕਰਣ ਤੋਂ ਬਿਨ੍ਹਾਂ ਕੋਈ ਸਮਾਜ ਤਰੱਕੀ ਨਹੀਂ ਕਰ ਸਕਦਾ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲੇ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦਿਆਂ ਪੰਜਾਬ ਸਰਕਾਰ ਦੀਆਂ ਅੱਠ ਮਹਿਲਾ ਪੱਖੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਵੀਡੀਓ-ਕਾਨਫ਼ਰੰਸ ਵਿਚ ਭਾਗ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਨਵੀਆਂ ਯੋਜਨਾਵਾਂ ਵਿੱਚ 181 ਸਾਂਝ ਸ਼ਕਤੀ ਹੈਲਪਲਾਈਨ ਅਤੇ ਪੁਲਿਸ ਹੈਲਪ ਡੈਸਕ ਸ਼ਾਮਲ ਹਨ ਜੋ ਮਹਿਲਾਵਾਂ ਲਈ ਥਾਣਿਆਂ ਵਿਚ ਸਥਾਪਤ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਮਹਿਲਾ ਅਧਿਕਾਰੀਆਂ ਦੁਆਰਾ ਚਲਾਇਆ ਜਾਵੇਗਾ ਤਾਂ ਜੋ ਔਰਤਾਂ 'ਤੇ ਹੋ ਰਹੇ ਅਤਿਆਚਾਰਾਂ 'ਤੇ ਨਕੇਲ ਕੱਸੀ ਜਾ ਸਕੇ।
ਉਨ੍ਹਾਂ ਕਿਹਾ ਕਿ ਯੂ.ਐਨ ਮਹਿਲਾ, ਯੂ.ਐਨ.ਡੀ.ਪੀ. ਯੁਨਾਇਟਡ ਨੇਸ਼ਨਸ ਡਿਵੈਲਪਮੈਂਟ ਫੰਡ), ਯੂ.ਐਨ. ਪੋਪੂਲੇਸ਼ਨ ਫੰਡ, ਜੇ-ਪੀ.ਏ.ਐਲ (ਅਬਦੁਲ ਲਤੀਫ ਜਮੀਲ ਪਾਵਰਟੀ ਐਕਸ਼ਨ ਲੈਬ) ਅਤੇ ਐਫ.ਯੂ.ਈ.ਐਲ.(ਫਰੈਂਡਜ ਯੂਨੀਅਨ ਫਾਰ ਐਨਰਜੀਜਿੰਗ ਲਿਵਜ) ਨਾਲ ਸਮਝੌਤਾ ਸਹੀਬੰਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਯੂ.ਐਨ ਮਹਿਲਾ ਨਾਲ ਸਮਝੌਤੇ ਤਹਿਤ ਲਿੰਗ-ਕੇਂਦ੍ਰਿਤ ਪ੍ਰੋਜੈਕਟ, ਲਿੰਗ ਪ੍ਰਤੀ ਰਾਜ ਦੀ ਸਮਰੱਥਾ ਵਧਾਉਣ, ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਨ ਅਤੇ ਮਹਿਲਾਵਾਂ ਵਿਰੁੱਧ ਹਿੰਸਾ ਤੋਂ ਇਲਾਵਾ ਯੂ.ਐਨ. ਦੇ ਸੰਗਠਨ ਨਾਲ ਤਕਨੀਕੀ ਮੇਲਾ (ਟੇਕਸ਼ੀਕਸ਼ਾ) ਸ਼ੁਰੂ ਕਰੇਗਾ, ਜਿਸ ਰਾਹੀਂ ਚੋਣ ਕਰਕੇ ਸੂਚੀਬੱਧ ਕੀਤੀਆਂ ਲੜਕੀਆਂ ਨੂੰ ਸਿਖਲਾਈ ਦੇ ਕੇ ਨੌਕਰੀ ਦੇਣਾ ਸ਼ਾਮਲ ਹੈ।
ਯੂ.ਐਨ. ਪਾਪੂਲੇਸ਼ਨ ਫੰਡ ਨਾਲ ਸਮਝੌਤਾ ਦਾ ਮਕਸਦ ਸਰਕਾਰੀ ਵਿਭਾਗਾਂ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਲਿੰਗ-ਅਧਾਰਤ ਹਾਨੀਕਾਰਕ ਅਭਿਆਸਾਂ ਜਿਵੇਂ ਕਿ ਮਹਿਲਾਵਾਂ ਵਿਰੁੱਧ ਹਿੰਸਾ, ਲਿੰਗ ਚੋਣ, ਮਹਿਲਾਵਾਂ ਅਤੇ ਬੱਚਿਆਂ ਵਿਚ ਅਨੀਮੀਆ ਅਤੇ ਕੁਪੋਸ਼ਣ ਨੂੰ ਖਤਮ ਕਰਨ ਲਈ ਯੂ.ਐਨ.ਡੀ.ਪੀ. ਨਾਲ ਸਾਂਝੇਦਾਰੀ ਕਰਨਾ ਹੈ।
ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਜੇ-ਪਾਲ ਨਾਲ ਸਮਝੌਤੇ ਰਾਹੀਂ ਸਾਰੇ ਸਰਕਾਰੀ ਸਕੂਲਾਂ ਵਿੱਚ ਲਿੰਗ ਸੰਵੇਦਨਾ ਪਾਠਕ੍ਰਮ ਪ੍ਰੋਗਰਾਮ ਨੂੰ ਹੋਰ ਉਤਸ਼ਾਹਤ ਕਰਨਾ ਹੈ, ਜਦੋਂ ਕਿ ਐਫ.ਯੂ.ਈ.ਐਲ. ਨਾਲ ਸਮਝੌਤੇ ਤਹਿਤ ਘਰ ਘਰ ਰੋਜ਼ਗਾਰ ਸਕੀਮ ਦੇ ਅਨੁਸਾਰ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕੀਤਾ ਜਾਵੇਗਾ.
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਹਿਲਾਵਾਂ ਦੀਆਂ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਿਕ ਪ੍ਰਾਪਤੀਆਂ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ਦੁਆਰਾ ਦਰਪੇਸ਼ ਵੱਖ ਵੱਖ ਚੁਣੌਤੀਆਂ ਦੇ ਬਾਵਜੂਦ ਹਰ ਖੇਤਰ ਵਿੱਚ ਆਪਣੀ ਸੂਝਬੂਝ ਸਾਬਤ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ ਹਰ ਖੇਤਰ ਵਿਚ ਆਪਣੀ ਪਛਾਣ ਬਣਾਉਣ ਲਈ ਸਿਰਫ ਪ੍ਰੇਰਣਾ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇਸ਼ ਦੀ ਸਮਾਜਿਕ-ਆਰਥਿਕ ਤਰੱਕੀ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਜਾਗਰੂਕਤਾ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ 11 ਆਂਗਨਵਾੜੀ ਵਰਕਰਾਂ, ਦੋ ਲੜਕੀਆਂ ਖੇਡ ਖੇਤਰ, 2 ਲੜਕੀਆਂ ਸਫਾਈ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ, ਦੋ ਮਹਿਲਾ ਸਰਪੰਚ, ਦੋ ੲ.ੇਐਨ.ਐਮਜ ਅਤੇ ਦੋ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਮੁੱਖ ਤੌਰ 'ਤੇ ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਬੈਕਫਿਨਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ, ਡੀ.ਸੀ.ਸੀ. (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਅਤੇ ਸ੍ਰੀ ਨਿਤਿਨ ਟੰਡਨ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।