-225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਸੂਬੇ ਦਾ ਹੈ ਸਭ ਤੋਂ ਵੱਡਾ ਪਲਾਂਟ
ਐਸ.ਟੀ.ਪੀ. 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਹਿੱਸਾ ਹੈ - ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )
ਲੁਧਿਆਣਾ ਨਿਵਾਸੀਆਂ ਲਈ ਖੁਸ਼ਖਬਰੀ ਵਜੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸ਼ਹਿਰ ਦੇ ਜਮਾਲਪੁਰ ਖੇਤਰ ਵਿੱਚ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ) ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਇਹ ਐਸ.ਟੀ.ਪੀ. 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਹੀ ਹਿੱਸਾ ਹੈ।
ਜਿਕਰਯੋਗ ਹੈ ਕਿ 225 ਐਮ.ਐਲ.ਡੀ. ਦੇ ਨਾਲ, ਇਹ ਸੂਬੇ ਦਾ ਸਭ ਤੋਂ ਵੱਡਾ ਐਸ.ਟੀ.ਪੀ. ਹੈ ਅਤੇ ਬੁੱਢੇ ਨਾਲੇ ਦੀ ਸਫਾਈ ਅਤੇ ਨਵੀਨੀਕਰਨ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਏਗਾ. ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਬੁੱਢੇ ਨਾਲੇ ਦੇ 14 ਕਿਲੋਮੀਟਰ ਦੇ ਕਿਨਾਰਿਆਂ ਦੇ ਦੋਵਾਂ ਪਾਸਿਆਂ ਤੋਂ ਜਾਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਬੁੱਢਾ ਨਾਲਾ ਟਾਸਕ ਫੋਰਸ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੌਂਸਲਰ ਸਹਿਬਾਨ ਤੇ ਅਧਿਕਾਰੀ ਵੀ ਮੌਜੂਦ ਸਨ।
ਇਸ ਨੂੰ ਇਤਿਹਾਸਕ ਸਮਾਗਮ ਕਰਾਰ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਮਾਲਪੁਰ ਵਿਖੇ ਤਿਆਰ ਕੀਤਾ ਜਾ ਰਿਹਾ 225 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਸੂਬੇ ਦਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਇਹ ਬੁੱਢੇ ਨਾਲੇ ਦੀ ਸਫਾਈ ਅਤੇ ਨਵੀਨੀਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ਼-ਸੁਥਰੀ ਦਿੱਖ ਪੇਸ਼ ਕਰੇਗਾ।
ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਦਾ ਪ੍ਰਣ ਕਰਦਿਆਂ, ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰਮੁੱਖ ਪੋਜੈਕਟਾਂ ਵਿੱਚ ਸ਼ਾਮਲ ਹੈ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇਕ-ਇੱਕ ਪੈਸੇ ਦੀ ਕਿਸੇ ਵੀ ਕੀਮਤ 'ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਧੰਨਵਾਦ ਕੀਤਾ ਅਤੇ ਸਤਿਗੁਰੂ ਉਦੈ ਸਿੰਘ ਨੂੰ ਇਸ ਪ੍ਰਾਜੈਕਟ ਲਈ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੇ ਕਿਸੇ ਵਿਅਕਤੀ ਕੋਲ ਇਸ ਪ੍ਰਾਜੈਕਟ ਸੰਬੰਧੀ ਕੋਈ ਸੁਝਾਅ ਹੈ ਤਾਂ ਉਹ ਵਿਭਾਗ ਨੂੰ ਲਿਖਤੀ ਰੂਪ ਵਿੱਚ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਉਨ੍ਹਾਂ 13.39 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਦੋਵਾਂ ਪਾਸਿਆਂ ਦੇ ਕਿਨਾਰਿਆਂ 'ਤੇ 14 ਕਿਲੋਮੀਟਰ ਜਾਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਾਲ ਇਸ ਕਰਕੇ ਲਗਾਇਆ ਜਾ ਰਿਹਾ ਹੈ, ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਕੋਈ ਵੀ ਵਿਅਕਤੀ ਪਾਣੀ ਦੇ ਚੈਨਲ ਵਿੱਚ ਠੋਸ ਰਹਿੰਦ-ਖੂੰਹਦ ਨਾ ਸੁੱਟ ਸਕੇ।