ਮੋਗਾ (ਜੱਜ ਮਸੀਤਾਂ)ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਲੱਖਾਂ ਰੁਪਏ ਮੁੱਲ ਦੇ ਚੂਰਾ ਪੋਸਤ ਸਮੱਗਲਿੰਗ ਮਾਮਲੇ ’ਚ ਯੂਥ ਕਾਂਗਰਸ ਆਗੂ ਅਤੇ ਉਸਦੇ ਪਿਤਾ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਥਾਣਾ ਸਦਰ ਮੋਗਾ ਦੇ ਮੁੱਖ ਅਫ਼ਸਰ ਥਾਣੇਦਾਰ ਨਿਰਮਲਜੀਤ ਸਿੰਘ ਸੰਧੂ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਇਲਾਕੇ ਵਿਚ ਗਸ਼ਤ ਕਰਦੇ ਹੋਏ ਪਿੰਡ ਦੌਲਤਪੁਰਾ ਉੱਚਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਪਿਤਾ ਸੁਖਦੇਵ ਸਿੰਘ ਨਿਵਾਸੀ ਪਿੰਡ ਦੌਲਤਪੁਰਾ ਉੱਚਾ ਬਾਹਰੋਂ ਡੋਡੇ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕਰ ਕੇ 4 ਕੁਇੰਟਲ 60 ਕਿਲੋ ਡੋਡੇ ਪੋਸਤ ਦੇ 23 ਗੱਟੇ ਪ੍ਰਤੀ ਗੱਟਾ 20 ਕਿਲੋ ਬਰਾਮਦ ਕੀਤੇ।ਉਨ੍ਹਾਂ ਦੱਸਿਆ ਕਿ ਸਮੱਗਲਰਾਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਚੂਰਾ ਪੋਸਤ ਦੀ ਕੀਮਤ 15-16 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁੱਛਗਿੱਛ ਦੇ ਬਾਅਦ ਕਥਿਤ ਸਮੱਗਲਰਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਵੱਲੋਂ ਦੋਹਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ।