ਦੇਸੀ-ਵਿਦੇਸ਼ੀ ਕਾਰਪੋਰੇਟਾ ਵਿਰੁੱਧ ਸਾਂਝੇ ਤੇ ਤਿੱਖੇ ਸੰਘਰਸ਼ਾਂ ਦੀ ਲੋੜ
ਬਰਨਾਲਾ /ਮਹਿਲ ਕਲਾਂ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ) ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਿਰੁੱਧ ਚਲਦੇ ਸੰਘਰਸ਼ ਵਿੱਚ ਖੇਤ ਮਜ਼ਦੂਰਾਂ ਦੀ ਸਮੂਲੀਅਤ ਕਰਵਾਉਣ, ਕਿਸਾਨ ਸੰਘਰਸ਼ ਨੂੰ ਅੱਗੇ ਵਧਾਉਣ ਲਈ ਧਰਮ ਨਿਰਪੱਖਤਾ ਦੀ ਨੀਤੀ ਨੂੰ ਬੁਲੰਦ ਕਰਨ,ਮੋਦੀ ਹਕੂਮਤ ਦੇ ਜਾਬਰ ਕਦਮਾਂ ਤੇ ਫਿਰਕੂ ਚਾਲਾਂ ਨੂੰ ਮਾਤ ਦੇਣ ਅਤੇ ਜੇਲੀ ਡੱਕੇ ਕਿਸਾਨਾਂ ਨੂੰ ਰਿਹਾ ਕਰਵਾਉਣ ਸਮੇਤ ਕਾਲੇ ਕਾਨੂੰਨਾਂ ਦੇ ਮਜ਼ਦੂਰਾਂ ਕਿਸਾਨਾਂ 'ਤੇ ਪੈਣ ਵਾਲੇ ਮਾਰੂ ਅਸਰਾਂ ਦਾ ਸੱਚ ਪੇਸ ਕਰਨ ਅਤੇ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਨੂੰ ਬੁਲੰਦ ਕਰਨ ਲਈ ਬਰਨਾਲਾ ਵਿਖੇ ਹੋ ਰਹੀ ਮਜਦੁਰ ਕਿਸਾਨ ਏਕਤਾ ਮਹਾਂ ਰੈਲੀ ਵਿੱਚ ਘਰਾਂ ਨੂੰ ਜਿੰਦੇ ਕੁੰਡੇ ਮਾਰਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਲੋੜ ਹੈ। ਇਹ ਅਪੀਲ ਅੱਜ ਪਿੰਡ ਭੋਤਨਾ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਗਈ ਕਾਨਫਰੰਸ ਵਿੱਚ ਸਾਮਲ ਮਜ਼ਦੂਰਾਂ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕੀਤੀ।ਉਨਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਅਤੇ ਇਨਾਂ ਦੀ ਮਾਰ ਹੇਠ ਆਉਣ ਵਾਲੇ ਸਭਨਾਂ ਤਬਕਿਆਂ ਨੂੰ ਇੱਕਜੁਟ ਹੋਕੇ ਲੜਨ ਨਾਲ ਹੀ ਕਾਰਪੋਰੇਟ ਘਰਾਣਿਆਂ ਤੇ ਵਿਦੇਸੀ-ਦੇਸ਼ੀ ਕੰਪਨੀਆਂ ਦੇ ਹੱਥ ਵਿੱਚ ਦਿੱਤੇ ਇਨਾਂ ਮਾਰੂ ਹਥਿਆਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਾ,ਜਨਤਕ ਵੰਡ ਪ੍ਰਣਾਲੀ ਦੇ ਖਤਮ ਹੋਣ ਨਾਲ ਮਜ਼ਦੂਰਾਂ ਨੂੰ ਭੁੱਖਮਰੀ ਦੇ ਸ਼ਿਕਾਰ ਹੋਣਾ ਬਿਲਕੁਲ ਤਹਿ ਹੈ। ਇਸ ਤੋਂ ਇਲਾਵਾ ਪੰਚਾਇਤੀ ਜਮੀਨਾਂ ਵਿੱਚੋਂ ਮਜ਼ਦੂਰਾਂ ਨੂੰ ਤੀਜਾ ਹਿੱਸਾ ਰਾਖਵੇਂਕਰਨ ਰਾਹੀਂ ਲੈਣ,ਸਰਕਾਰੀ, ਨਜੂਲ ਅਤੇ ਜਮੀਨੀ ਹੱਦਬੰਦੀ ਤੋਂ ਉਪਰਲੀਆਂ ਜਮੀਨਾ ਨੂੰ ਖੇਤ ਮਜ਼ਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਵੰਡਾਉਣ ਦੀ ਮੰਗ ਦਾ ਭੋਗ ਵੀ ਪੈ ਜਾਵੇਗਾ।ਉਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲੋਕਾਂ 'ਤੇ ਵਿੱਢੇ ਇਸ ਹਮਲੇ ਨੂੰ ਲਾਗੂ ਕਰਨ ਲਈ ਫਿਰਕੂ ਚਾਲਾਂ ਚੱਲਣ ਅਤੇ ਜਾਬਰ ਕਦਮਾਂ ਰਾਹੀਂ ਦਬਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਹਿੰਦੂਤਵੀ ਅਜੰਡੇ ਨੂੰ ਲਾਗੂ ਕਰਨ ਲਈ ਦਲਿਤਾਂ /ਖੇਤ ਮਜ਼ਦੂਰਾਂ 'ਤੇ ਅਣਖ ਮਨੁੱਖੀ ਜਬਰ ਜੁਲਮ ਕਰਕੇ ਮੰਨੂੰ ਸਿਮਰਤੀ ਅਨੁਸਾਰ ਕਾਨੂੰਨ ਬਣਾਕੇ ਮਜਦੁਰਾਂ ਨੂੰ ਸਾਰੇ ਹੱਕਾਂ ਤੋਂ ਵਿਰਵੇ ਕਰਨਾ ਚਾਹੁੰਦੀ ਹੈ। ਹੋਰਨਾਂ ਤੋਂ ਇਲਾਵਾ ਮਜਦੁਰ ਆਗੂ ਸੁਖਦੇਵ ਸਿੰਘ ਭੋਤਨਾ,ਨਿੱਕਾ ਸਿੰਘ ਸੰਧੂ ਕਲਾਂ ,ਅਮ੍ਰਿਤ ਪਾਲ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਤੇ ਸਤਨਾਮ ਸਿੰਘ ਅਤੇ ਭਰਾਤਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਨਾਮ ਸਿੰਘ ਭੋਤਨਾ ਨੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਰੁਜ਼ਗਾਰ ਦਾ ਪੱਕਾ ਪ੍ਰਬੰਧ ਤੇ ਮਨਰੇਗਾ ਦਿਹਾੜੀ 600 ਰੁਪਏ ਕਰਵਾਉਣ, ਕਰਜੇ ਤੇ ਦਲਿਤਾਂ 'ਤੇ ਹੁੰਦੇ ਜਬਰ ਨੂੰ ਖਤਮ ਕਰਵਾਉਣ,ਕਿਰਤ ਕਾਨੂੰਨਾਂ ਨੂੰ ਬਹਾਲ ਕਰਨ ਅਤੇ ਬੁੱਧੀਜੀਵੀਆਂ ਨੂੰ ਰਿਹਾ ਕਰਵਾਉਣ ਲਈ ਇਕਜੁੱਟ ਹੋਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਕਾਨਫਰੰਸ ਵਿੱਚ ਸਾਮਲ ਲੋਕਾਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਨੇ ਲੰਗਰ ਦਾ ਪ੍ਰਬੰਧ ਕਰਾਕੇ ਭਰਾਤਰੀ ਸਾਂਝ ਦਾ ਸੱਦਾ ਦਿੱਤਾ। ਜਾਰੀ ਕਰਤਾ---- ਜੋਰਾ ਸਿੰਘ ਨਸਰਾਲੀ 98763 94024