ਮਹਿਲ ਕਲਾਂ/ਬਰਨਾਲਾ-ਫ਼ਰਵਰੀ-(ਗੁਰਸੇਵਕ ਸੋਹੀ)- ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵਲੋਂ ਕਿਸਾਨ ਸੰਘਰਸ਼ ਦੀ ਚੜ੍ਹਦੀਕਲਾਂ ਵਾਸਤੇ ਇੱਕ ਵਿਸ਼ਾਲ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਮੇਂ ਇਤਿਹਾਸਕ ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਅਤੇ ਇਸ ਸੰਘਰਸ਼ ਵਿੱਚ ਆਪਾ ਵਾਰ ਗਏ ਕਿਸਾਨ ਯੋਧਿਆਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਗਈ ਅਰਦਾਸ ਉਪਰੰਤ ਜ਼ਿਲ੍ਹਾ ਬਰਨਾਲਾ ਸਬੰਧਿਤ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਕਿਸਾਨ ਯੋਧਿਆਂ ਦੇ 17 ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਮੁੱਖ ਬੁਲਾਰੇ ਤੋਤਾ ਸਿੰਘ ਦੀਨਾ, ਪ੍ਰੀਤਮ ਸਿੰਘ ਦਰਦੀ, ਭਾਕਿਯੂ ਉਗਰਾਹਾਂ ਦੇ ਬੁੱਕਣ ਸਿੰਘ ਸੱਦੋਵਾਲ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਸਿੱਧੂਪੁਰ ਦੇ ਮਨਜੀਤ ਸਿੰਘ ਸਹਿਜੜਾ, ਭਾਕਿਯੂ ਡਕੌਦਾਂ ਦੇ ਮਲਕੀਤ ਸਿੰਘ ਮਹਿਲ ਕਲਾਂ, ਭਾਕਿਯੂ ਕਾਦੀਆਂ ਦੇ ਗੁਰਧਿਆਨ ਸਿੰਘ ਸਹਿਜੜਾ ਨੇ ਇਤਿਹਾਸਕ ਕਿਸਾਨ ਅੰਦੋਲਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਦਾ ਦਰਜਾ ਪ੍ਰਾਪਤ ਕਰ ਗਏ 200 ਤੋ ਵਧੇਰੇ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀ ਜਾਵੇਗੀ, ਸਗੋਂ ਸਾਨੂੰ ਹੋਰ ਵਧੇਰੇ ਲਾਮਬੰਦੀ ਨਾਲ ਜਿੱਤ ਦੀ ਪ੍ਰਾਪਤੀ ਤੱਕ ਲੜਨ ਦੀ ਪ੍ਰੇਰਨਾ ਦਿੰਦੀ ਰਹੇਗੀ। ਪ੍ਰੈੱਸ ਕਲੱਬ ਦੇ ਜ: ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈੱਸ ਕਲੱਬ ਮਹਿਲ ਕਲਾਂ ਸੰਘਰਸ਼ ਦੀ ਜਿੱਤ ਤੱਕ ਆਪਣੀ ਬਣਦੀ ਜ਼ਿੰਮੇਵਾਰੀ ਦ੍ਰਿੜਤਾ ਨਾਲ ਨਿਭਾਏਗਾ। ਇਸ ਸਮੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਸੁਖਵਿੰਦਰ ਸਿੰਘ ਸੋਨੀ, ਬਾਬਾ ਸ਼ੇਰ ਸਿੰਘ ਖ਼ਾਲਸਾ, ਸਰਪੰਚ ਰਾਜਵਿੰਦਰ ਕੌਰ,,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ,ਮੇਘ ਰਾਜ ਜੋਸ਼ੀ, ਬਲਵੰਤ ਸਿੰਘ ਚੁਹਾਣਕੇ, ਜਗਸੀਰ ਸਹਿਜੜਾ, ਪ੍ਰਦੀਪ ਲੋਹਗੜ੍ਹ, ਜਗਰਾਜ ਮੂੰਮ, ਕਮਲ ਟੱਲੇਵਾਲ, ਸੁਸ਼ੀਲ ਕੁਮਾਰ ਬਾਂਸਲ, ਬਲਦੇਵ ਸਿੰਘ ਗਾਗੇਵਾਲ, ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਿੰਘ ਸੋਹੀ, ਹਾਕਮ ਸਿੰਘ ਧਾਲੀਵਾਲ, ਬਲਜੀਤ ਸਿੰਘ ਪੰਡੋਰੀ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਮੰਗਤ ਸਿੰਘ ਸਿੱਧੂ, ਪ੍ਰਿੰ: ਭੁਪਿੰਦਰ ਸਿੰਘ ਢਿੱਲੋ ਆਦਿ ਹਾਜ਼ਰ ਸਨ।