56 ਹੋਰ ਨਵੀਆਂ ਸੇਵਾਵਾਂ ਦੀ ਅੱਜ ਤੋਂ ਕੀਤੀ ਗਈ ਸ਼ੁਰੂਆਤ
ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਹਿੱਤ ਲਿਆ ਫੈਸਲਾ
ਕਪੂਰਥਲਾ ਫਰਵਰੀ, 2021 (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 56 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਸੇਵਾ ਕੇਂਦਰਾਂ ਵਿੱਚ ਕਰ ਦਿੱਤੀ ਗਈ ਹੈ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਸੇਵਾਵਾਂ ਦੀ ਆਨਲਾਇਨ ਸ਼ੁਰੂਆਤ ਕਰਨ ਸਬੰਧੀ ਹੋਏ ਸਮਾਗਮ ਵਿਚ ਵਰਚੁਅਲ ਤਰੀਕੇ ਰਾਹੀਂ ਭਾਗ ਲੈਣ ਪਿਛੋਂ ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਜਿਲੇ ਵਿਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ । ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 20 ਸੇਵਾ ਕੇਂਦਰ ਚੱਲ ਰਹੇ ਹਨ, ਜਿਸ ਵਿੱਚ ਫਗਵਾੜਾ ਦੇ 4 ਅਤੇ ਸੁਲਤਾਨਪੁਰ ਲੋਧੀ ਦੇ 5, ਭੁਲੱਥ ਦੇ 4 ਅਤੇ ਕਪੂਰਥਲਾ ਦੇ 7 ਸੇਵਾ ਕੇਂਦਰਾਂ ਹਨ, ਜਿਹਨਾਂ ਵਿੱਚ ਇਹ ਸਾਰੀਆਂ 56 ਸੇਵਾਵਾਂ ਦਾ ਲਾਭ ਆਮ ਜਨਤਾ ਨੂੰ ਮਿਲੇਗਾ, ਜਿਸ ਵਿੱਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ 35 ਸੇਵਾਵਾਂ, ਸਾਂਝ ਕੇਂਦਰਾਂ ਨਾਲ ਸਬੰਧਤ 20 ਸੇਵਾਵਾਂ ਅਤੇ ਰੈਵੀਨਿਊ ਨਾਲ ਸਬੰਧਤ 1 ਸੇਵਾ ਆਮ ਜਨਤਾ ਦੀ ਸਹੂਲਤ ਲਈ ਲਾਹੇਵੰਦ ਹੋਵੇਗੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਇਹਨਾਂ ਸੇਵਾਵਾਂ ਨੂੰ ਸਰਲ ਬਣਾਉਣ ਹਿੱਤ ਇਹ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕੁੱਝ ਲਾਭਪਾਤਰੀਆਂ ਨੂੰ ਅੱਜ ਹੀ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਰਾਂਹੀ ਮਿਲੇ ਸਰਟੀਫਿਕੇਟ ਵੀ ਦਿੱਤੇ ਗਏ ।ਲਾਭਪਾਰਤੀਆਂ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਹ ਸੇਵਾਵਾਂ ਈ-ਸੇਵਾ ਪੰਜਾਬ ਪੋਰਟਲ 'ਤੇ ਵੀ ਉਪਲੱਬਧ ਹਨ, ਜੋ ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਧੀਨ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋ ਵਿਕਸਤ ਕੀਤਾ ਗਿਆ ਹੈ। ਉਹਨਾਂ ਜਿਲ੍ਹੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਈ-ਸੇਵਾ ਪੋਰਟਲ 'ਤੇ ਆਮ ਨਾਗਰਿਕਾਂ ਵੱਲੋ ਦਰਜ ਪ੍ਰਤੀ ਬੇਨਤੀਆਂ ਦਾ ਤੈਅ ਸਮਾਂ-ਸੀਮਾਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਚਾਬਾ, ਮੈਡਮ ਕੰਨਿਕਾ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ, ਸ਼੍ਰੀ ਚਾਨਕਿਆ ਆਨੰਦ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਆਦਿ ਹਾਜ਼ਰ ਸਨ ।