ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) 'ਚ ਕੇਸਾਂ ਦਾ ਨਿਪਟਾਰਾ ਬੜੀ ਤੇਜ਼ੀ ਨਾਲ ਕੀਤਾ ਜਾਂਦਾ ਹੈ - ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ
ਕਿਹਾ! ਜਨ ਉਪਯੋਗੀ ਸੇਵਾਵਾਂ ਸਬੰਧੀ ਆਪਣੇ ਝਗੜੇ ਸਥਾਈ ਲੋਕ ਅਦਾਲਤ ਵਿੱਚ ਲਗਾ ਕੇ ਸਸਤਾ ਅਤੇ ਛੇਤੀ ਨਿਆਂ ਪ੍ਰਾਪਤ ਕਰੋ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਚੇਅਰਮੈਨ ਸ.ਗੁਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸ੍ਰੀ ਸੁਨੀਲ ਕੁਮਾਰ ਅਰੋੜਾ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਸ੍ਰੀਮਤੀ ਪ੍ਰੀਤੀ ਸੁਖੀਜਾ, ਸੱਕਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੀ ਮੌਜੂਦ ਸਨ।
ਚੇਅਰਮੈਨ-ਕਮ-ਜਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਨੇ ਮੀਟਿੰਗ ਨੰ ਸੰਬੋਧਨ ਕਰਦਿਆਂ ਕਿਹਾ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿੱਚ ਕੇਸਾਂ ਦਾ ਨਿਪਟਾਰਾ ਬੜੀ ਤੇਜ਼ੀ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿੱਚ ਕੇਸ ਲੜਨ ਲਈ ਕੋਰਟ ਫੀਸ ਜਾਂ ਖਰਚਾ ਨਹੀਂ ਲੱਗਦਾ ਹੈ ਅਤੇ ਸਥਾਈ ਲੋਕ ਅਦਾਲਤ (ਜਨ ਓਪਯੋਗੀ ਸੇਵਾਵਾਂ) ਵਿੱਚ ਪਾਸ ਕੀਤੇ ਗਏ ਅਵਾਰਡ/ਫੈਸਲੇ ਨੂੰ ਸਿਵਲ ਕੋਰਟ ਦੀ ਡਿਕਰੀ ਦੀ ਮਾਨਤਾ ਵੀ ਪ੍ਰਾਪਤ ਹੈ ਜਿਸ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਅਪੀਲ ਦਾਇਰ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿੱਚ ਇੱਕ ਕਰੋੜ ਰੁਪਏ ਤੱਕ ਦੇ ਮਾਮਲੇ ਦਾਇਰ ਕੀਤੇ ਜਾ ਸਕਦੇ ਹਨ।
ਉਨ੍ਹਾ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿੱਚ ਲੁਧਿਆਣਾ, ਸਮਰਾਲਾ, ਖੰਨਾ, ਜਗਰਾੳਂ, ਅਤੇ ਪਾਇਲ ਨਾਲ ਸਬੰਧਤ ਦੇ ਕੇਸ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿੱਚ ਬਿਜਲੀ ਸੇਵਾਵਾਂ, ਗੈਸ ਕੁਨੈਕਸ਼ਨ ਅਤੇ ਇਨ੍ਹਾ ਦੀ ਸਪਲਾਈ ਅਤੇ ਪੂਰਤੀ ਸਬੰਧੀ, ਹਸਪਤਾਲ ਅਤੇ ਡਿਸਪੈਂਸਰੀਆਂ, ਆਵਾਜਾਈ(ਟ੍ਰਾਂਸਪੋਰਟ)ਯਾਤਰੀ ਅਤੇ ਢੋਆ-ਢੁਆਈ ਰਾਹੀਂ ਹਵਾ, ਸੜ੍ਹਕ ਅਤੇ ਪਾਣੀ, ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਸ਼ਨਾਖਤੀ ਕਾਰਡ ਅਤੇ ਬੀ.ਪੀ.ਐਲ. ਕਾਰਡ, ਜਲ ਸਪਲਾਈ ਅਤੇ ਸੀਵਰੇਜ਼ ਵਿਭਾਗ, ਬੈਂਕਿੰਗ ਸਰਵਿਸਜ, ਟੈਲੀਗ੍ਰਾਫ ਵਿਭਾਗ, ਡਾਕ ਵਿਭਾਗ, ਕੁਦਰਤੀ ਸਾਧਨਾਂ ਦੀ ਸੁਰੱਖਿਆ, ਬੁਢਾਪਾ ਅਤੇ ਵਿਧਵਾ ਪੈਨਸ਼ਨ, ਹਾਊਸਿੰਗ, ਫਾਇਨਾਂਸ, ਇੰਸੋਰੈਂਸ਼, ਸਿੱਖਿਆ ਵਿਭਾਗ, ਇਮੀਗ੍ਰੇਸ਼ਨ ਸਬੰਧੀ ਸੇਵਾਵਾਂ, ਨਵੇਂ ਗੈਸ ਕੁਨੈਕਸ਼ਨ ਅਤੇ ਗੈਸ ਸਿਲੰਡਰ ਦੀ ਸਪਲਾਈ ਸਬੰਧੀ, ਜਨਤਕ ਵੰਡ ਪ੍ਰਣਾਲੀ, ਜਨਮ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਸਬੰਧੀ, ਵਿਆਹ ਦਾ ਸਰਟੀਫਿਕੇਟ ਜਾਰੀ ਕਰਨ ਸਬੰਧੀ, ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੰਸ ਜਾਰੀ ਕਰਨ ਨਾਲ ਸਬੰਧਤ ਝਗੜਿਆਂ ਦੇ ਕੇਸ ਲਗਾਏ ਜਾ ਸਕਦੇ ਹਨ।
ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀ ਗੁਰਬੀਰ ਸਿੰਘ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਜਨ ਉਪਯੋਗੀ ਸੇਵਾਵਾਂ ਸਬੰਧੀ ਆਪਣੇ ਝਗੜੇ ਸਥਾਈ ਲੋਕ ਅਦਾਲਤ ਵਿੱਚ ਲਗਾ ਕੇ ਸਸਤਾ ਅਤੇ ਛੇਤੀ ਨਿਆਂ ਪ੍ਰਾਪਤ ਕਰੋ ਜਿਸ ਸਬੰਧੀ ਆਪਣੀ ਦਰਖਾਸਤ ਸਿੱਧੇ ਹੀ ਸਾਦੇ ਕਾਗਜ਼ ਤੇ ਲਿਖ ਕੇ ਸਥਾਈ ਲੋਕ ਅਦਾਲਤ ਦੇ ਚੇਅਰਮੈਨ ਕੋਲ ਪੇਸ਼ ਕੀਤੀ ਜਾ ਸਕਦੀ ਹੈ।