ਅੰਤਿਮ ਯਾਤਰਾ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਤੇ ਵਕੀਲ ਭਾਈਚਾਰਾ ਹੋਇਆ ਸ਼ਾਮਲ
ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਸ੍ਰੀ ਰਮੇਸ਼ ਚੰਦ ਲਖਨਪਾਲ(76), ਜੋਕਿ ਸ੍ਰੀ ਰਜਨੀਸ਼ ਲਖਨਪਾਲ, ਲੀਗਲ ਕੋਰਸਪੋਂਡੈਂਟ, ਦੀ ਟ੍ਰਿਬਿਊਨ, ਲੁਧਿਆਣਾ ਦੇ ਪਿਤਾ ਸਨ, ਦੇ ਸਵਰਗਵਾਸ 'ਤੇ ਸੋਗ ਪ੍ਰਗਟ ਕੀਤਾ, ਜਿਨ੍ਹਾਂ ਦਾ ਕੱਲ ਲੁਧਿਆਣਾ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਨੂੰਨੀ ਸੈੱਲ ਵਿੱਚ ਸੀਨੀਅਰ ਵਕੀਲ ਵਜੋਂ ਸ੍ਰੀ ਲਖਨਪਾਲ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਕਰਨ ਦਾ ਬੱਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ਣ।
ਜ਼ਿਕਰਯੋਗ ਹੈ ਕਿ ਸ੍ਰੀ ਰਮੇਸ਼ ਚੰਦ ਲਖਨਪਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸਾਬਕਾ ਚੁਣੇ ਗਏ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇ 'ਤੇ ਸੇਵਾ ਨਿਭਾਈ। ਉਹ ਟੈਲੀਫੋਨ ਐਡਵਾਈਜ਼ਰੀ ਕਮੇਟੀ ਅਤੇ ਸੇਲਜ਼ ਟੈਕਸ ਐਡਵਾਈਜ਼ਰੀ ਕਮੇਟੀ ਦਾ ਸਾਬਕਾ ਮੈਂਬਰ ਵੀ ਰਹੇ।
ਮੌਜੂਦਾ ਸਮੇਂ, ਉਹ ਨਗਰ ਨਿਗਮ, ਨਗਰ ਸੁਧਾਰ ਟਰੱਸਟ, ਲੁਧਿਆਣਾ, ਗਲਾਡਾ ਅਤੇ ਪੀ.ਐਸ.ਪੀ.ਸੀ.ਐਲ. ਦੇ ਸਥਾਈ ਸਲਾਹਕਾਰ ਵੀ ਸਨ।
ਉਨ੍ਹਾਂ ਦਾ ਸਸਕਾਰ ਅੱਜ ਸਥਾਨਕ ਕੇ.ਵੀ.ਐਮ. ਸਕੂਲ ਦੇ ਪਿਛਲੇ ਪਾਸੇ ਵਾਲੇ ਸ਼ਮਸ਼ਾਨ ਘਾਟ ਵਿਖੇ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਸ੍ਰੀ ਵਿਮਲ ਸੁੰਬਲੀ, ਡੀ.ਬੀ.ਏ. ਲੁਧਿਆਣਾ ਦੇ ਪ੍ਰਧਾਨ ਸ.ਗੁਰਕਿਰਪਾਲ ਸਿੰਘ ਗਿੱਲ, ਉਪ ਪ੍ਰਧਾਨ ਸ.ਪਰਵਿੰਦਰ ਸਿੰਘ ਪਰੀ, ਸਕੱਤਰ ਸ.ਗਗਨਦੀਪ ਸਿੰਘ ਸੈਣੀ, ਸ੍ਰੀ ਹਰੀਸ਼ ਰਾਏ ਢਾਂਡਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੇ.ਆਰ. ਸੀਕਰੀ, ਸ੍ਰੀ ਨਵਲ ਕਿਸ਼ੋਰ ਛਿੱਬਰ, ਸ.ਪਰਉਪਕਾਰ ਸਿੰਘ ਘੁੰਮਣ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ।