ਚੰਡੀਗੜ੍ਹ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਨੂੰ ਪੂਰਨ ਤੌਰ ’ਤੇ ਗਲਤ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਪ੍ਰਤੀ ਮੁਲਕ ਛੱਡ ਜਾਣ ਦੇ ਤੌਖ਼ਲੇ ਪ੍ਰਗਟ ਕਰਨੇ ਨਾ ਸਿਰਫ਼ ਤਰਕਹੀਣ ਹਨ ਸਗੋਂ ਨਿੰਦਣਯੋਗ ਵੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਭੱਜ ਕੇ ਕਿੱਥੇ ਜਾਣਗੇ? ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਘੱਟ ਜ਼ਮੀਨ ਵਾਲੇ ਛੋਟੀ ਕਿਸਾਨੀ ਨਾਲ ਜੁੜੇ ਹਨ ਨਾ ਕਿ ਵਿਜੈ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਜਾਂ ਮੇਹੁਲ ਚੋਕਸੀ ਵਰਗੇ ਵੱਡੇ ਕਾਰਪੋਰੇਟ ਭਗੌੜੇ ਹਨ, ਜੋ ਮੁਲਕ ਦਾ ਅਰਬਾਂ ਰੁਪਏ ਦਾ ਸਰਮਾਇਆ ਲੁੱਟਣ ਤੋਂ ਬਾਅਦ ਦੇਸ਼ ਵਿੱਚੋਂ ਭੱਜ ਗਏ ਸਨ। ਉਨ੍ਹਾਂ ਕਿਹਾ,‘ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਵਿੱਚ ਤਾਂ ਨਾਕਾਮ ਰਹੇ ਪਰ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ।’